ਚੰਡੀਗੜ੍ਹ: ਸਿੱਖ ਕਤਲੇਆਮ ਕੇਸ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਹੋਣ ਮਗਰੋਂ ਕਾਂਗਰਸ ਨੂੰ ਘੇਰਨ ਲਈ ਸ਼੍ਰੋਮਣੀ ਅਕਾਲੀ ਦਲ ਸਰਗਰਮ ਹੋ ਗਿਆ ਹੈ। ਅੱਜ ਯੂਥ ਅਕਾਲੀ ਦਲ ਨੇ ਇਸ ਮਾਮਲੇ ਵਿੱਚ ਦੋਸ਼ੀ ਕਾਂਗਰਸੀ ਆਗੂਆਂ ਲਈ ਮੌਤ ਦੀ ਸਜ਼ਾ ਮੰਗਣ ਵਾਲਾ ਮਤਾ ਪਾਸ ਕਰਨ ਲਈ ਵਿਧਾਨ ਸਭਾ ਦਾ ਹੰਗਾਮੀ ਇਜਲਾਸ ਬੁਲਾਉਣ ਦਾ ਸੱਦਾ ਦਿੱਤਾ। ਅਕਾਲੀ ਦਲ ਦੇ ਯੂਥ ਵਿੰਗ ਨੇ ਇਹ ਵੀ ਫੈਸਲਾ ਕੀਤਾ ਕਿ ਪੰਜਾਬ ਦੇ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਸਬੰਧੀ ਕਾਂਗਰਸ ਪਾਰਟੀ ਦੀ ਪੋਲ ਖੋਲ੍ਹਣ ਲਈ ਵਾਈਟ ਪੇਪਰ ਜਾਰੀ ਕੀਤਾ ਜਾਵੇਗਾ।


ਅੱਜ ਇੱਥੇ ਯੂਥ ਅਕਾਲੀ ਦਲ ਦੇ ਨਵੇਂ ਕਾਇਮ ਕੀਤੇ ਜਥੇਬੰਦਕ ਢਾਂਚੇ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਜਨਰਲ ਸਕੱਤਰ (ਇੰਚਾਰਜ ਯੂਥ) ਬਿਕਰਮ ਸਿੰਘ ਮਜੀਠੀਆ ਨੇ ਕੀਤੀ। ਇਸ ਮੀਟਿੰਗ ਵਿੱਚ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਸਮੇਤ ਸੀਨੀਅਰ ਕਾਂਗਰਸੀ ਆਗੂਆਂ ਲਈ ਤੁਰੰਤ ਮੌਤ ਦੀ ਸਜ਼ਾ ਦੀ ਮੰਗ ਕਰਨ ਵਾਸਤੇ ਫੌਰੀ ਵਿਧਾਨ ਸਭਾ ਦਾ ਹੰਗਾਮੀ ਇਜਲਾਸ ਸੱਦੇ ਜਾਣ ਦਾ ਮਤਾ ਪਾਸ ਕੀਤਾ ਗਿਆ।

ਯੂਥ ਅਕਾਲੀ ਦਲ ਨੇ ਇਹ ਮਤਾ ਵੀ ਪਾਸ ਕੀਤਾ ਕਿ 1984 ਵਿੱਚ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਮਾਰਨ ਦੇ ਦੋਸ਼ੀਆਂ ਦੀ ਸਿਆਸੀ ਸਰਪ੍ਰਸਤੀ ਕਰਨ ਤੇ ਸਬੂਤ ਮਿਟਾਉਣ ਵਿੱਚ ਦੋਸ਼ੀਆਂ ਦੀ ਮਦਦ ਕਰਨ ਲਈ ਗਾਂਧੀ ਪਰਿਵਾਰ ਖ਼ਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ। ਮਤੇ ਵਿੱਚ ਕਿਹਾ ਗਿਆ ਕਿ ਇਸ ਕੇਸ ਤਹਿਤ ਸਿੱਖਾਂ ਦਾ ਸਮੂਹਿਕ ਕਤਲੇਆਮ ਕਰਵਾਉਣ ਵਿੱਚ ਗਾਂਧੀ ਪਰਿਵਾਰ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

ਮਤੇ ਵਿਚ ਕਿਹਾ ਗਿਆ ਕਿ ਸੋਨੀਆ ਗਾਂਧੀ ਦੀ ਇਹ ਜਾਣਨ ਲਈ ਪੁੱਛਗਿੱਛ ਹੋਣੀ ਚਾਹੀਦੀ ਹੈ ਕਿ ਰਾਜੀਵ ਗਾਂਧੀ ਨੇ ਕਿਵੇਂ ਕਾਂਗਰਸੀ ਆਗੂਆਂ ਨੂੰ ਸਿੱਖਾਂ ਉੱਤੇ ਹਮਲੇ ਕਰਨ ਲਈ ਉਕਸਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਸਮੂਹਿਕ ਹਮਲਿਆਂ ਦੀ ਵਿਉਂਤ ਘੜਣ ਵਿੱਚ ਗਾਂਧੀ ਪਰਿਵਾਰ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ, ਜਿਹੜੇ ਰਾਜੀਵ ਗਾਂਧੀ ਨੇ ਜਗਦੀਸ਼ ਟਾਈਟਲਰ ਨਾਲ ਪੀੜਤ ਇਲਾਕਿਆਂ ਵਿੱਚ ਘੁੰਮਦੇ ਹੋਏ ਆਪਣੀ ਨਿਗਰਾਨੀ ਥੱਲੇ ਕਰਵਾਏ ਸਨ।

ਯੂਥ ਅਕਾਲੀ ਦਲ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਵਿਚ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਸਬੰਧੀ ਕਾਂਗਰਸ ਪਾਰਟੀ ਦੀ ਪੋਲ ਖੋਲ੍ਹਣ ਲਈ ਵਾਈਟ ਪੇਪਰ ਲਿਆਂਦਾ ਜਾਵੇਗਾ। ਜਥੇਬੰਦੀ ਨੇ ਕਿਹਾ ਕਿ ਕਾਂਗਰਸ ਨੇ 'ਘਰ ਘਰ ਰੁਜ਼ਗਾਰ' ਯੋਜਨਾ ਰਾਹੀਂ ਹਰ ਪਰਿਵਾਰ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਪਰ ਪਿਛਲੇ ਦੋ ਸਾਲਾਂ ਵਿਚ ਇਸ ਨੇ ਨੌਜਵਾਨਾਂ ਨੂੰ ਕੋਈ ਨੌਕਰੀ ਨਹੀਂ ਦਿੱਤੀ। ਜਥੇਬੰਦੀ ਨੇ ਕਿਹਾ ਕਿ ਇਸੇ ਤਰ੍ਹਾਂ ਨੌਜਵਾਨਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜੋ ਸਿਰਫ ਕਾਗਜ਼ਾਂ ਉੱਤੇ ਹੀ ਰਹਿ ਗਿਆ। ਇਸ ਤੋਂ ਇਲਾਵਾ ਨੌਜਵਾਨਾਂ ਨਾਲ ਕੀਤੇ ਸਮਾਰਟਫੋਨ ਦੇਣ ਦੇ ਵਾਅਦੇ ਬਾਰੇ ਤਾਂ ਕਾਂਗਰਸ ਸਰਕਾਰ ਗੱਲ ਵੀ ਨਹੀਂ ਕਰ ਰਹੀ ਹੈ।