ਚੰਡੀਗੜ੍ਹ: ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਬੇਅਦਬੀ ਕਾਂਡ ਮਾਮਲੇ ਬਾਰੇ ਰਿਪੋਰਟ ਅੱਜ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਸਦਨ ਵਿੱਚ ਰਿਪੋਰਟ ਪੇਸ਼ ਕੀਤੀ। ਇਸ ਪਿੱਛੋਂ ਅਕਾਲੀ ਦਲ ਦੇ ਵਿਧਾਇਕ ਸਦਨ ਵਿੱਚੋਂ ਵਾਕਆਊਟ ਕਰ ਗਏ। ਚਾਰ ਭਾਗਾਂ ਵਿੱਚ ਵੰਡੀ ਰਿਪੋਰਟ 'ਤੇ ਕੱਲ੍ਹ ਬਹਿਸ ਹੋਏਗੀ।


ਇਸੇ ਦੌਰਾਨ ਅਸੈਂਬਲੀ ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਸਬੰਧੀ ਕਾਂਗਰਸ ਤੇ ਅਕਾਲੀਆਂ ਦਾ ਕਦੀ ਨਾ ਖ਼ਤਮ ਹੋਣ ਵਾਲਾ ਰੌਲ਼ਾ ਵੀ ਖੂਬ ਪਿਆ। ਸਦਨ ਵਿੱਚ ਜਿਵੇਂ ਹੀ ਅਕਾਲੀਆਂ ਨੇ ਕਾਂਗਰਸ ਖਿਲਾਫ ਨਾਅਰੇ ਲਾਉਣੇ ਸ਼ੁਰੂ ਕੀਤੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਖ਼ਲ ਦਿੰਦਿਆਂ ਕਿਹਾ ਕਿ 1984 ਵਿੱਚ ਜਿਸ ਸਮੇਂ ਦੰਗਿਆਂ ਦੀ ਘਟਨਾ ਵਾਪਰੀ, ਉਸ ਸਮੇਂ ਪੰਜਾਬ ਵਿੱਚ ਅਕਾਲੀਆਂ ਦਾ ਹੀ ਰਾਜ ਚੱਲਦਾ ਸੀ।

ਮੁੱਖ ਮੰਤਰੀ ਨੇ ਅਕਾਲੀਆਂ ’ਤੇ ਇਲਜ਼ਾਮ ਲਾਇਆ ਕਿ ਉਹ ਸਿਰਫ ਉਹੀ ਮੁੱਦੇ ਉਠਾਉਂਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਨੂੰ ਸਿਆਸੀ ਲਾਹਾ ਮਿਲਣਾ ਹੁੰਦਾ ਹੈ। ਸੁਖਬੀਰ ਸਿੰਘ ਬਾਦਲ ’ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਜਿਸ ਸਮੇਂ ਦੰਗਿਆਂ ਦੀ ਘਟਨਾ ਵਾਪਰੀ, ਉਸ ਸਮੇਂ ਸੁਖਬੀਰ ਕੈਲੀਫੋਰਨੀਆ ਦੀ ਕਿਸੇ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਹੇ ਸੀ ਤੇ ਬਿਕਰਮ ਮਜੀਠੀਆ ਉਸ ਸਮੇਂ ਮਹਿਜ਼ 8 ਸਾਲ ਦੀ ਉਮਰ ਦੇ ਸਨ।

ਉਨ੍ਹਾਂ ਇਹ ਵੀ ਦੱਸਿਆ ਕਿ ਦੰਗਿਆਂ ਵੇਲੇ ਰਾਜੀਵ ਗਾਂਧੀ ਬੰਗਾਲ ਵਿੱਚ ਮੌਜੂਦ ਸਨ। ਦੰਗਿਆਂ ਦੀ ਘਟਨਾ ਪਿੱਛੇ ਕਾਂਗਰਸ ਦਾ ਨਹੀਂ, ਬਲਕਿ ਕੁਝ ਵਿਅਕਤੀਆਂ ਦਾ ਹੱਥ ਸੀ।