ਬਠਿੰਡਾ: ਇੱਥੋਂ ਦੇ ਪਿੰਡ ਮੰਡੀਕਲਾਂ ਦੇ ਇੱਕ ਨੌਜਵਾਨ ਕਿਸਾਨ ਭੁਪਿੰਦਰ ਸਿੰਘ ਨੇ ਪੁਲਿਸ ਤੇ ਇੱਕ ਗਵਾਹ ਤੋਂ ਪੈਸੇ ਮੰਗਣ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ। ਉਸ ਨੇ ਖ਼ੁਦਕੁਸ਼ੀ ਪੱਤਰ ਵਿੱਚ ਪੁਲਿਸ ਅਧਿਕਾਰੀ ਤੇ ਗਵਾਹ ਦਾ ਨਾਂ ਲਿਖ ਕੇ ਉਸ ਦੀ ਮੌਤ ਲਈ ਜ਼ਿੰਮੇਵਾਰ ਦੱਸਿਆ ਹੈ।

ਮ੍ਰਿਤਕ ਭੁਪਿੰਦਰ ਸਿੰਘ ਦੇ ਭਰਾ ਪਰਲਾਦ ਸਿੰਘ ਨੇ ਦੱਸਿਆ ਕਿ ਮੌੜ ਮੰਡੀ ਥਾਣੇ ਵਿੱਚ ਮ੍ਰਿਤਕ ਵਿਰੁੱਧ ਨਸ਼ੀਲੀਆਂ ਗੋਲ਼ੀਆਂ ਸਬੰਧੀ ਮੁਕੱਦਮਾ ਦਰਜ ਹੋਇਆ ਸੀ, ਪਰ ਭੁਪਿੰਦਰ ਸਿੰਘ ਆਪਣੇ ਆਪ ਨੂੰ ਨਿਰਦੋਸ਼ ਦੱਸ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਡੀ.ਐੱਸ.ਪੀ. ਦਵਿੰਦਰ ਪਾਲ ਸਿੰਘ ਵੱਲੋਂ ਉਸ ਦੇ ਭਰਾ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਪਰ ਦੋ ਵਿਅਕਤੀਆਂ ਨੇ ਉਸ ਨੂੰ ਮਾਮਲੇ ਵਿੱਚ ਮੁੜ ਉਲਝਾਉਣ ਦਾ ਡਰਾਵਾ ਦੇ ਕੇ 5 ਲੱਖ ਰੁਪਏ ਮੰਗਣੇ ਸ਼ੁਰੂ ਕਰ ਦਿੱਤੇ।

ਉਸ ਨੇ ਦੱਸਿਆ ਕਿ ਸਬ ਇੰਸਪੈਕਟਰ ਸੁਖਪਾਲ ਸਿੰਘ ਤੇ ਨਸ਼ੇ ਦੇ ਕੇਸ ਵਿੱਚ ਗਵਾਹ ਸਤੀਸ਼ ਕੁਮਾਰ, ਗਵਾਹੀ ਤੋਂ ਮੁਕਰਨ ਲਈ ਮ੍ਰਿਤਕ ਤੋਂ 5 ਲੱਖ ਰੁਪਏ ਮੰਗ ਰਹੇ ਸਨ। ਮ੍ਰਿਤਕ ਦੇ ਭਰਾ ਮੁਤਾਬਕ ਉਕਤ ਸਬ ਇੰਸਪੈਕਟਰ ਨੇ ਉਸ ਨੂੰ ਬਠਿੰਡਾ ਬੁਲਾਇਆ ਤੇ ਜੇਲ੍ਹ ਭਿਜਵਾਉਣ ਦੇ ਨਾਂ ਤੋਂ ਧਮਕਾਇਆ। ਇਸ ਤੋਂ ਪਹਿਲਾਂ ਵੀ ਮ੍ਰਿਤਕ ਨੂੰ ਜੇਲ੍ਹ ਭੇਜਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ।

ਪਰਲਾਦ ਸਿੰਘ ਦੇ ਦੱਸੇ ਮੁਤਾਬਕ ਜਦੋਂ ਭੁਪਿੰਦਰ ਬਠਿੰਡਾ ਤੋਂ ਵਾਪਸ ਆ ਕੇ ਸ਼ਾਮ ਨੂੰ ਖੇਤ ਗਿਆ ਤਾਂ ਉੱਥੇ ਜਾ ਕੇ ਉਸ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ਼ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਨੂੰ ਸਵੇਰੇ ਚਾਰ ਵਜੇ ਕਿਸੇ ਨੇ ਆ ਕੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਗਲੀ ਵਿੱਚ ਡਿੱਗਿਆ ਪਿਆ ਹੈ। ਜਦੋਂ ਉਹ ਭੁਪਿੰਦਰ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।