ਖਹਿਰਾ ਨੂੰ ਜਾਗੀਰ ਕੌਰ ਦੀ ਵੰਗਾਰ !
ਏਬੀਪੀ ਸਾਂਝਾ | 21 Nov 2017 04:46 PM (IST)
ਚੰਡੀਗੜ੍ਹ: ਇਸਤਰੀ ਅਕਾਲੀ ਦਲ ਦੀ ਪ੍ਰਧਾਨ ਤੇ ਸਾਬਕਾ ਵਿਧਾਇਕ ਬੀਬੀ ਜਗੀਰ ਕੌਰ ਨੇ ਐਲਾਨ ਕੀਤਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਤੁਰੰਤ ਅਸਤੀਫਾ ਨਾ ਦਿੱਤਾ ਤਾਂ ਉਹ ਤੇ ਉਨ੍ਹਾਂ ਦੀਆਂ ਵਰਕਰਾਂ ਸਰਦ ਰੁੱਤ ਸ਼ੈਸ਼ਨ ਦੌਰਾਨ ਉਸ ਨੂੰ ਵਿਧਾਨ ਸਭਾ ਅੰਦਰ ਦਾਖਲ ਨਹੀਂ ਹੋਣ ਦੇਣਗੀਆਂ। ਇਸਤਰੀ ਅਕਾਲੀ ਦਲ ਨੇ ਅੱਜ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਖਹਿਰਾ ਖ਼ਿਲਾਫ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਹਾਈਕੋਰਟ ਵੱਲੋਂ ਖਹਿਰਾ ਦੀ ਹੇਠਲੀ ਅਦਾਲਤ ਦੇ ਫੈਸਲੇ ਖ਼ਿਲਾਫ ਪਾਈ ਰੀਵਿਊ ਪਟੀਸ਼ਨ, ਜਿਸ ਵਿੱਚ ਕੌਮਾਂਤਰੀ ਨਸ਼ਾ ਤੇ ਹਥਿਆਰ ਤਸਕਰੀ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਸਹਿ ਮੁਲਜ਼ਮ ਵਜੋਂ ਤਲਬ ਕੀਤਾ ਗਿਆ ਹੈ, ਨੂੰ ਰੱਦ ਕੀਤੇ ਜਾਣ ਤੋਂ ਬਾਅਦ ਖਹਿਰਾ ਕੋਲ ਅਹੁਦੇ ਉੱਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਬਚਿਆ। ਉਨ੍ਹਾਂ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਅਪੀਲ ਕੀਤੀ ਕਿ ਉਹ 27 ਨਵੰਬਰ ਨੂੰ ਸਰਦ ਰੁੱਤ ਸਮਾਗਮ ਸ਼ੁਰੂ ਹੋਣ ਸਮੇਂ ਖਹਿਰਾ ਨੂੰ ਵਿਧਾਨ ਸਭਾ ਅੰਦਰ ਦਾਖਲ ਨਾ ਹੋਣ ਦਾ ਆਦੇਸ਼ ਦੇਣ। ਉਨ੍ਹਾਂ ਕਿਹਾ ਕਿ ਇਹ ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਦੇ ਸਨਮਾਣ ਉੱਤੇ ਦਾਗ ਲੱਗਣ ਤੋਂ ਬਚਾਉਣ ਲਈ ਜ਼ਰੂਰੀ ਹੈ।