ਚੰਡੀਗੜ੍ਹ: ਕਿਸਾਨਾਂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਿਹਾ ਅੰਦੋਲਨ ਅੱਜ 46ਵੇਂ ਦਿਨ 'ਚ ਦਾਖਲ ਹੋ ਗਿਆ ਹੈ। ਇਸ ਦੌਰਾਨ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਮਨਵਾਉਣ ਲਈ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਹਨ। ਕਿਸਾਨ ਵੱਖ-ਵੱਖ ਢੰਗ ਨਾਲ ਖੇਤੀ ਕਾਨੂੰਨਾਂ ਸਬੰਧੀ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਨ। ਇਸ ਦੌਰਾਨ ਮਾਛੀਵਾੜਾ ਦੇ ਮੁਸ਼ਕਾਬਾਦ ਦਾ ਇੱਕ ਕਿਸਾਨ ਨੌਜਵਾਨ 25 ਦਿਨਾਂ ਤੋਂ ਵੱਖਰੇ ਅੰਦਾਜ਼ 'ਚ ਕਿਸਾਨਾਂ ਦਾ ਸਮਰਥਨ ਕਰ ਰਿਹਾ ਹੈ।


ਇਹ ਕਿਸਾਨ ਨੌਜਵਾਨ ਕਦੀ ਬਸ, ਟ੍ਰੇਨ, ਮੈਟਰੋ ਤੇ ਇੱਥੋਂ ਤਕ ਕੇ ਹਵਾਈ ਜਹਾਜ਼ 'ਚ ਸਫਰ ਕਰਕੇ ਲੋਕਾਂ ਨੂੰ ਖੇਤੀ ਕਾਨੂੰਨਾਂ ਦੇ ਨੁਕਸਾਨ ਬਾਰੇ ਪ੍ਰਚਾਰ ਕਰਦਾ ਹੈ ਤੇ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਕਿਸਾਨਾਂ ਦਾ ਸਮਰਥਨ ਕਰਨ। ਨੌਜਵਾਨ  ਖੁਦ ਦੇ ਖਰਚੇ ਤੇ ਹਵਾਈ ਜਹਾਜ਼ ਦੀਆਂ ਟਿਕਟਾਂ ਲੈ ਕੇ ਕਿਸਾਨਾਂ ਦਾ ਸਮਰਥਨ ਕਰ ਰਿਹਾ ਹੈ।

ਕਿਸਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਪ੍ਰਚਾਰ ਮਗਰੋਂ ਹੁਣ ਦਿੱਲੀ ਹਰਿਆਣਾ ਹੁੰਦੇ ਹੋਏ ਯੂਪੀ ਦੇ ਆਗਰਾ 'ਚ ਆਪਣੇ ਮਿਸ਼ਨ ਤੇ ਹੈ। ਛੋਟੇ ਜਿਹੇ ਪਰਿਵਾਰ ਤੋਂ ਕੁਲਬੀਰ ਸਿੰਘ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ ਹੈ। ਉਸ ਦੇ ਆਪਣੇ ਕੋਲ ਸਿਰਫ ਇੱਕ ਏਕੜ ਤੋਂ ਵੀ ਘੱਟ ਜ਼ਮੀਨ ਹੈ ਪਰ ਉਹ ਭਰਾਵਾਂ ਦੀ ਪੰਜ ਏਕੜ ਜ਼ਮੀਨ ਠੇਕੇ ਤੇ ਲੈਂਦਾ ਹੈ ਤੇ ਖੇਤੀ ਕਰਦਾ ਹੈ।

ਕੁਲਬੀਰ ਦਾ ਮੰਨਣਾ ਹੈ ਕਿ ਇਨ੍ਹਾਂ ਕਾਨੂੰਨਾਂ ਦੀ ਮਾਰ ਸਭ ਤੋਂ ਵੱਧ ਗਰੀਬ ਵਰਗ ਨੂੰ ਹੀ ਪਏਗੀ ਜੋ ਅੱਜ ਤੱਕ ਇਹ ਸੋਚ ਰਹੇ ਹਨ ਕਿ ਇਹ ਤਾਂ ਕਿਸਾਨਾਂ ਦਾ ਮਾਮਲਾ ਹੈ।