ਫ਼ਾਜ਼ਿਲਕਾ: ਆਵਾਰਾ ਪਸ਼ੂ ਆਏ ਦਿਨ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੇ ਹਨ। ਪ੍ਰਸਾਸ਼ਨ ਦੀ ਲਾਪ੍ਰਵਾਹੀ ਦੇ ਚੱਲਦੇ ਲੋਕ ਮੌਤ ਦੇ ਮੂੰਹ ਜਾ ਰਹੇ ਹਨ। ਲੋਕਾਂ ਤੋਂ ਗਾਂ ਟੈਕਸ ਤੇ ਹੋਰ ਟੈਕਸ ਲਏ ਜਾਣ ਦੇ ਬਾਅਦ ਵੀ ਇਨ੍ਹਾਂ ਪਸ਼ੂਆਂ ‘ਤੇ ਰੋਕ ਨਹੀਂ ਲਾਈ ਜਾ ਰਹੀ। ਬੀਤੀ ਰਾਤ ਫ਼ਾਜ਼ਿਲਕਾ-ਅਬੋਹਰ ਰੋਡ ‘ਤੇ ਪਿੰਡ ਬੁਰਜ ਮੁਹਾਰ ‘ਚ ਨੌਜਵਾਨ ਰੋਹਤਾਸ਼ ਕੁਮਾਰ ਦੀ ਆਵਾਰ ਪਸ਼ੂ ਨਾਲ ਟਕਰਾ ਕੇ ਮੌਤ ਹੋ ਗਈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰੋਹਤਾਸ਼ ਦੇ ਭਰਾ ਕਾਲੂਰਾਮ ਨੇ ਦੱਸਿਆ ਕਿ ਉਸ ਦਾ ਭਰਾ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਹੈ। ਉਹ ਬੀਤੀ ਰਾਤ ਕਰੀਬ 10 ਵਜੇ ਕੰਮ ਤੋਂ ਵਾਪਸ ਪਰਤ ਰਿਹਾ ਸੀ। ਆਵਾਰਾ ਪਸ਼ੂ ਨਾਲ ਟੱਕਰ ਹੋਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਉਨ੍ਹਾਂ ਸਰਕਾਰ ਤੋਂ ਆਵਾਰਾ ਪਸ਼ੂਆਂ ‘ਤੇ ਜਲਦੀ ਰੋਕ ਲਾਉਣ ਦੀ ਮੰਗ ਕੀਤੀ ਹੈ ਤਾਂ ਹੋ ਅਜਿਹੇ ਹਾਦਸੇ ਹੋਰ ਨਾ ਹੋਣ।



ਉਧਰ ਮਾਮਲੇ ਦੀ ਜਾਂਚ ਕਰ ਰਹੇ ਅਬੋਹਰ ਥਾਣੇ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਸੂਚਨਾ ਮਿਲੀ ਕਿ ਗਾਂ ਨਾਲ ਟਕਰਾਉਣ ਨਾਲ ਵਿਅਕਤੀ ਜ਼ਖ਼ਮੀ ਹੋ ਗਿਆ। ਉਸ ਨੂੰ 108 ਐਂਬੁਲੈਂਸ ਦੀ ਮਦਦ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।