ਚੰਡੀਗੜ੍ਹ: ਬਰਗਾੜੀ ਬੇਅਦਬੀ ਮਾਮਲੇ ਵਿੱਚ ਕਲੋਜ਼ਰ ਰਿਪੋਰਟ ਦੀ ਕਾਪੀ ਨਾ ਦੇਣ 'ਤੇ ਪੰਜਾਬ ਸਰਕਾਰ ਨੇ ਸੀਬੀਆਈ ਨੂੰ ਕਸੂਤਾ ਘੇਰਿਆ ਹੈ। ਪੰਜਾਬ ਸਰਕਾਰ ਨੇ ਅੱਜ ਸੀਬੀਆਈ ਸਾਹਮਣੇ ਨਵੇਂ ਸਵਾਲ ਖੜ੍ਹੇ ਕੀਤੇ ਹਨ। ਸਰਕਾਰ ਨੇ ਸੀਬੀਆਈ ਨੂੰ ਨਵੇਂ ਸਵਾਲਾਂ ਦੀ ਲਿਸਟ ਭੇਜੀ ਹੈ। ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਸੀਬੀਆਈ ਅੱਗੇ ਸਵਾਲ ਖੜ੍ਹੇ ਕੀਤੇ ਕਿ ਜਿਨ੍ਹਾਂ ਤੱਥਾਂ ਉੱਤੇ ਸੀਬੀਆਈ ਰਿਪੋਰਟ ਦੇਣ ਤੋਂ ਇਨਕਾਰ ਕਰ ਰਹੀ ਹੈ, ਉਸ ਦੇ ਜਵਾਬ ਦਸਤਾਵੇਜ਼ੀ ਸਬੂਤਾਂ ਸਹਿਤ ਦਿੱਤੇ ਜਾਣ।


ਹਾਲਾਂਕਿ ਪੰਜਾਬ ਸਰਕਾਰ ਲਗਾਤਾਰ ਸੀਬੀਆਈ ਦੀ ਕਲੋਜ਼ਰ ਰਿਪੋਰਟ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਦੀ ਖ਼ਿਲਾਫ਼ਤ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ। ਅਦਾਲਤ ਵੱਲੋਂ ਪੰਜਾਬ ਸਰਕਾਰ ਦੀ ਰਿਪੋਰਟ ਲੈਣ ਦੀ ਅਰਜ਼ੀ ਨੂੰ ਇੱਕ ਵਾਰ ਖਾਰਜ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਰਿਵਿਊ ਅਰਜ਼ੀ ਪਾਈ ਗਈ ਸੀ।

ਸਰਕਾਰ ਨੇ ਸੀਬੀਆਈ ਨੂੰ ਸਵਾਲ ਕੀਤਾ ਕਿ ਜਿਨ੍ਹਾਂ ਤੱਥਾਂ ਦੀ ਗੱਲ ਕਲੋਜ਼ਰ ਰਿਪੋਰਟ ਨਾ ਦੇਣ ਦੇ ਜਵਾਬ ਵਿੱਚ ਕੀਤੀ ਗਈ ਹੈ, ਉਸ ਦੇ ਦਸਤਾਵੇਜ਼ ਪੇਸ਼ ਕੀਤੇ ਜਾਣ। ਅਦਾਲਤ ਨੇ ਸੀਬੀਆਈ ਨੂੰ 30 ਸਤੰਬਰ ਤੱਕ ਜਵਾਬ ਦੇਣ ਲਈ ਕਿਹਾ ਹੈ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਇਹ ਨਵੀਂ ਅਰਜ਼ੀ ਦਾਖਲ ਕੀਤੀ ਗਈ ਹੈ ਪਰ ਹਾਲੇ ਤੱਕ ਪੰਜਾਬ ਸਰਕਾਰ ਸੀਬੀਆਈ ਦੀ ਕਲੋਜ਼ਰ ਰਿਪੋਰਟ ਤੋਂ ਵਾਂਝੀ ਹੈ।