ਗਗਨਦੀਪ ਸ਼ਰਮਾ

ਅੰਮ੍ਰਿਤਸਰ: ਤਕਰੀਬਨ ਢਾਈ ਮਹੀਨੇ ਪਹਿਲਾਂ ਕਸਟਮ ਵਿਭਾਗ ਵੱਲੋਂ ਅਟਾਰੀ ਵਿੱਚ ਜ਼ਬਤ ਕੀਤੀ ਗਈ 532 ਕਿੱਲੋ ਹੈਰੋਇਨ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਅਜੇ ਵੀ ਪੁਲਿਸ ਅੜਿੱਕੇ ਨਹੀਂ ਆਇਆ। ਪੁਲਿਸ ਨੇ ਇਸ ਕੇਸ ਵਿੱਚ ਦਰਜਨ ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ ਹਨ ਪਰ ਮਾਮਲੇ ਦਾ ਕਿੰਗ ਪਿੰਨ ਕਹਿ ਜਾਣ ਵਾਲਾ ਰਣਜੀਤ ਸਿੰਘ ਉਰਫ਼ ਰਾਣਾ ਪੁਲਿਸ ਹੱਥ ਨਹੀਂ ਲੱਗਾ।


ਰਾਣਾ ਅੰਮ੍ਰਿਤਸਰ ਦੇ ਬਾਬਾ ਦਰਸ਼ਨ ਸਿੰਘ ਐਵੇਨਿਊ ਦਾ ਰਹਿਣ ਵਾਲਾ ਹੈ। ਉਹ ਨਾ ਤਾਂ ਕਸਟਮ ਵਿਭਾਗ ਦੇ ਹੱਥੇ ਚੜ੍ਹਿਆ ਤੇ ਨਾ ਹੀ ਪੁਲਿਸ ਦੇ। ਇਸ ਤੋਂ ਇਲਾਵਾ ਰਣਜੀਤ ਸਿੰਘ ਰਾਣਾ ਦੀ ਐਨਆਈਏ ਨੂੰ ਵੀ ਭਾਲ ਹੈ ਕਿਉਂਕਿ ਐਨਆਈਏ ਦੀ ਟੀਮ ਵੀ ਇਸ ਬਹੁਕਰੋੜੀ ਡਰੱਗ ਰੈਕੇਟ ਦੀ ਜਾਂਚ ਕਰ ਰਹੀ ਹੈ। ਇਨ੍ਹਾਂ ਸਾਰਿਆਂ ਦੀ ਨਜ਼ਰਾਂ ਤੋਂ ਦੂਰ ਰਾਣਾ ਫਿਲਹਾਲ ਫਰਾਰ ਹੀ ਦੱਸਿਆ ਜਾ ਰਿਹਾ ਹੈ।

ਯਾਦ ਰਹੇ 29 ਜੂਨ ਨੂੰ ਅਟਾਰੀ ਵਿੱਚ ਕਸਟਮ ਵਿਭਾਗ ਵੱਲੋਂ ਇੱਕ ਟਰੱਕ ਦੀ ਜਾਂਚ ਦੌਰਾਨ ਲੂਣ ਦੀਆਂ ਬੋਰੀਆਂ ਵਿੱਚੋਂ 532 ਕਿੱਲੋ ਹੈਰੋਇਨ ਬਰਾਮਦ ਹੋਈ ਸੀ। ਇਸ ਮਾਮਲੇ 'ਤੇ ਕਾਰਵਾਈ ਕਰਦਿਆਂ ਕਸਟਮ ਵਿਭਾਗ ਨੇ ਟਰੱਕ ਦੇ ਮਾਲਕ, ਲੂਣ ਮੰਗਵਾਉਣ ਵਾਲੇ ਵਪਾਰੀ ਸਮੇਤ ਦਰਜਨ ਦੇ ਕਰੀਬ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਵਿੱਚ ਅੰਮ੍ਰਿਤਸਰ ਦੇ ਵਪਾਰੀ ਗੁਰਪਿੰਦਰ ਸਿੰਘ ਦੀ ਨਿਆਇਕ ਹਿਰਾਸਤ ਵਿੱਚ ਵੀ ਮੌਤ ਹੋ ਚੁੱਕੀ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਜੰਮੂ-ਕਸ਼ਮੀਰ ਦੇ ਹੰਦਵਾੜਾ ਦੇ ਰਹਿਣ ਵਾਲੇ ਤਾਰਿਕ ਅਹਿਮਦ ਲੋਨ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਹੁਣ ਇਸ ਮਾਮਲੇ ਵਿੱਚ ਸੁਰੱਖਿਆ ਏਜੰਸੀਆਂ ਨੂੰ ਕਿੰਗ ਪਿੰਨ ਮੰਨੇ ਜਾਣ ਵਾਲੇ ਰਣਜੀਤ ਸਿੰਘ ਰਾਣਾ ਦੀ ਭਾਲ ਹੈ। ਰਾਣਾ ਤਰਨ ਤਾਰਨ ਜ਼ਿਲ੍ਹੇ ਦੇ ਸਰਹੱਦ ਨਾਲ ਲੱਗਦੇ ਪਿੰਡ ਹਵੇਲੀਆਂ ਦਾ ਰਹਿਣ ਵਾਲਾ ਹੈ। ਉਹ ਤਕਰੀਬਨ ਸੱਤ ਸਾਲ ਪਹਿਲਾਂ ਅੰਮ੍ਰਿਤਸਰ ਆ ਕੇ ਰਹਿਣ ਲੱਗ ਪਿਆ ਸੀ।

ਮਾਮਲੇ ਵਿੱਚ ਰਾਣਾ ਦਾ ਨਾਮ ਆਉਣ ਤੋਂ ਬਾਅਦ ਉਹ ਪਿਛਲੇ ਢਾਈ ਮਹੀਨਿਆਂ ਦੇ ਵੱਧ ਸਮੇਂ ਤੋਂ ਫਰਾਰ ਹੈ। ਰਾਣਾ ਖਿਲਾਫ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੀ ਐਫਆਈਆਰ ਦਰਜ ਕੀਤੀ ਸੀ। ਇਸ ਵਿੱਚ ਉਸ ਨੂੰ ਤਸਕਰੀ ਲਈ ਜ਼ਿੰਮੇਵਾਰ ਦੱਸਿਆ ਗਿਆ ਸੀ। ਰਾਣਾ ਦੇ ਘਰ ਬਾਹਰ ਬਕਾਇਦਾ ਕਸਟਮ ਵਿਭਾਗ ਵੱਲੋਂ ਰਾਣਾ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪੇਸ਼ ਹੋਣ ਲਈ ਨੋਟਿਸ ਚਿਪਕਾਏ ਗਏ ਸਨ।

ਹਾਲੇ ਤੱਕ ਰਾਣਾ ਪੁਲਿਸ ਦੀ ਪਹੁੰਚ ਤੋਂ ਬਾਹਰ ਹੀ ਦੱਸਿਆ ਜਾਂਦਾ ਹੈ। ਦੂਜੇ ਪਾਸੇ ਇਸ ਮਾਮਲੇ 'ਤੇ ਐਫਆਈਆਰ ਦਰਜ ਕਰਨ ਵਾਲੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਵਿਕਰਮਜੀਤ ਦੁੱਗਲ ਦਾ ਕਹਿਣਾ ਹੈ ਕਿ ਰਾਣਾ ਦੀ ਗ੍ਰਿਫਤਾਰੀ ਲਈ ਉਪਰਾਲੇ ਜਾਰੀ ਹਨ। ਇਸੇ ਲਈ ਰਾਣਾ ਦੀ ਪ੍ਰਾਪਰਟੀ ਵੀ ਲੱਭੀ ਜਾ ਰਹੀ ਹੈ ਤਾਂ ਕਿ ਉਸ ਨੂੰ ਅਟੈਚ ਕੀਤਾ ਜਾ ਸਕੇ।