ਗੁਰਦਾਸਪੁਰ: ਕੈਪਟਨ ਸਰਕਾਰ ਅੱਜ ਇੱਕ ਹੋਰ ਇਤਿਹਾਸ ਸਿਰਜੇਗੀ। ਸੁਲਤਾਨਪੁਰ ਲੋਧੀ ਮਗਰੋਂ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਡੇਰਾ ਬਾਬਾ ਨਾਨਕ ’ਚ ਹੋ ਰਹੀ ਹੈ। ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਸਰਕਾਰ ਰਾਜਧਾਨੀ ਚੰਡੀਗੜ੍ਹ ਤੋਂ ਬਾਹਰ ਕੈਬਨਿਟ ਮੀਟਿੰਗਾਂ ਕਰ ਰਹੀ ਹੈ। ਅੱਜ ਦੀ ਮੀਟਿੰਗ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਵੰਬਰ ਵਿੱਚ ਖੁੱਲ੍ਹ ਰਹੇ ਲਾਂਘੇ ਤੇ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸਬੰਧੀ ਜਾਇਜ਼ਾ ਲਿਆ ਜਾਏਗਾ।


ਅੱਜ ਪੰਜਾਬ ਮੰਤਰੀ ਮੰਡਲ ਦੀ ਡੇਰਾ ਬਾਬਾ ਨਾਨਕ ਵਿਖੇ ਹੋ ਰਹੀ ਮੀਟਿੰਗ ਵਿੱਚ ਮੁੱਖ ਮੰਤਰੀ ਸਮੇਤ ਸਮੁੱਚੀ ਕੈਬਨਿਟ ਹਿੱਸਾ ਲਵੇਗੀ। ਅਜਿਹਾ ਪਹਿਲੀ ਵਾਰ ਹੈ ਕਿ ਕਸਬਾ ਡੇਰਾ ਬਾਬਾ ਨਾਨਕ ਵਿੱਚ ਕੈਬਨਿਟ ਮੀਟਿੰਗ ਹੋ ਰਹੀ ਹੈ। ਦੋ ਪੜਾਅ ਵਿੱਚ ਚੱਲਣ ਵਾਲੀ ਮੀਟਿੰਗ ਕਰੀਬ ਸਾਢੇ ਗਿਆਰਾਂ ਵਜੇ ਸ਼ੁਰੂ ਹੋ ਰਹੀ ਹੈ।

ਮੁੱਖ ਮੰਤਰੀ ਤੇ ਬਾਕੀ ਮੰਤਰੀ ਲਾਂਘੇ ਲਈ ਚੱਲ ਰਹੇ ਉਸਾਰੀ ਕੰਮਾਂ ਦਾ ਜਾਇਜ਼ਾ ਲੈਣਗੇ। ਮੁੱਖ ਮੰਤਰੀ ਦੇ ਆਈਸੀਪੀ (ਸਾਂਝੀ ਚੈੱਕ ਪੋਸਟ) ’ਤੇ ਵੀ ਜਾਣ ਦੀ ਉਮੀਦ ਹੈ। ਪੁਲਿਸ ਨੇ ਆਮ ਲੋਕਾਂ ਨੂੰ ਆਵਾਜਾਈ ’ਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆਉਣ ਦੇਣ ਲਈ ਢੁੱਕਵੇਂ ਪ੍ਰਬੰਧ ਕੀਤੇ ਹਨ।