ਬਰਨਾਲਾ: ਬਰਨਾਲਾ-ਬਾਜਾਖਾਨਾ ਰੋਡ 'ਤੇ ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਹੋਈ ਹੈ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਮਨਪ੍ਰੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਕਾਰ ਤੇ ਮੋਟਰਸਾਈਕਲ ਦਾ ਕਾਫੀ ਨੁਕਸਾਨ ਹੋਇਆ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।



ਇਸ ਸੜਕ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਡਿਊਟੀ ਅਫਸਰ ਗੁਰਤੇਜ ਸਿੰਘ ਏਐਸਆਈ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਮਨਪ੍ਰੀਤ ਕਚਰੀ ਚੌਂਕ ਤੋਂ ਬਾਜਾਖਾਨਾ ਰੋਡ ਵੱਲ ਜਾ ਰਿਹਾ ਸੀ। ਇਸ ਦੌਰਾਨ ਬਾਜਾਖਾਨਾ ਰੋਡ 'ਤੇ ਆ ਰਹੀ ਇੱਕ ਕਾਰ ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ।

ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਮਨਪ੍ਰੀਤ ਦੀ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।


 


ਗੁਰਦਾਸਪੁਰ ਦੇ ਪਿੰਡ ਹੇਮਰਾਜਪੁਰ 'ਚ ਚੱਲੀ ਗੋਲੀ, ਇਲਾਕੇ 'ਚ ਦਹਿਸ਼ਤ ਦਾ ਮਾਹੌਲ


ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਹੇਮਰਾਜਪੁਰ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਜ਼ਮੀਨੀ ਵਿਵਾਦ ਨੂੰ ਲੈ ਕੇ 10 ਦੇ ਕਰੀਬ ਵਿਅਕਤੀਆਂ ਨੇ ਦੂਜੀ ਧਿਰ ਦੇ ਵਿਅਕਤੀ ਦਿਲਬਾਗ ਸਿੰਘ ਦੇ ਘਰ ਬਾਹਰ ਫਾਇਰਿੰਗ ਕੀਤੀ ਤੇ ਉਸ ਨਾਲ ਗਾਲੀ ਗਲੋਚ ਕੀਤੀ। ਮੌਕੇ ਉੱਪਰ ਪਹੁੰਚੇ ਪੁਲਿਸ ਅਧਿਕਾਰੀਆਂ ਨੇ 5 ਖੋਲ੍ਹ ਬਰਾਮਦ ਕੀਤੇ ਹਨ ਤੇ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਪੀੜ੍ਹਤ ਵਿਅਕਤੀ ਦਿਲਬਾਗ ਸਿੰਘ ਨੇ ਦੱਸਿਆ ਕਿ ਉਸ ਨੇ ਪਿੰਡ ਵਿੱਚ ਦਵਿੰਦਰ ਸਿੰਘ ਨਾਮ ਦੇ ਵਿਅਕਤੀ ਤੋਂ 29 ਕਨਾਲ ਜ਼ਮੀਨ 47 ਲੱਖ ਰੁਪਏ ਦੀ ਖਰੀਦੀ ਹੈ ਪਰ ਦਵਿੰਦਰ ਸਿੰਘ ਸਿੰਘ ਦਾ ਵੱਡਾ ਭਰਾ ਕੁਲਵੰਤ ਸਿੰਘ ਉਸ ਨੂੰ ਜ਼ਮੀਨ ਤੇ ਕਬਜ਼ਾ ਨਹੀਂ ਕਰਨ ਦੇ ਰਿਹਾ। ਉਸ ਦਾ ਕਹਿਣਾ ਹੈ ਕਿ ਇਹ ਜ਼ਮੀਨ ਉਸ ਦਾ ਰਕਬਾ ਹੈ ਜਿਸ ਨੂੰ ਲੈ ਕੇ ਉਸ ਦਾ ਵਿਵਾਦ ਚਲ ਰਿਹਾ ਹੈ।

ਉਸ ਨੇ ਕਿਹਾ ਕਿ ਪਿੰਡ ਦੇ ਕੁਝ ਸਿਆਸੀ ਲੋਕ ਮੇਰੇ ਤੋਂ 2.50 ਲੱਖ ਰੁਪਏ ਦੀ ਮੰਗ ਕਰ ਰਹੀ ਹਨ ਕਿ ਉਹ ਦੋਵਾਂ ਦਾ ਸਮਝੌਤਾ ਕਰਵਾ ਦੇਣਗੇ ਪਰ ਉਹ ਨਹੀਂ ਮੰਨਿਆ। ਇਸ ਕਰਕੇ ਕੁਲਵੰਤ ਸਿੰਘ ਨੇ ਉਨ੍ਹਾਂ ਸਿਆਸੀ ਪਾਰਟੀ ਦੇ ਵਰਕਰਾਂ ਨੂੰ ਨਾਲ ਲਿਆ ਕੇ ਉਸ ਦੇ ਘਰ ਉਪਰ 15 ਰੌਂਦ ਫਾਇਰਿੰਗ ਕੀਤੀ ਹੈ। ਉਸ ਨੇ ਕਿਹਾ ਜਦੋਂ ਰਾਤ ਉਸ ਦੇ ਘਰ ਉਪਰ ਫਾਇਰਿੰਗ ਕੀਤੀ ਗਈ, ਉਹ ਘਰ ਨਹੀਂ ਸੀ। ਉਸ ਦੇ ਬੱਚੇ ਤੇ ਉਸ ਦੀ ਪਤਨੀ ਸਿਮਰਜੀਤ ਕੌਰ ਘਰ ਸੀ ਜੋ ਡਰਦੇ ਬਾਹਰ ਨਹੀਂ ਨਿੱਕਲੇ। ਉਨ੍ਹਾਂ ਕਿਹਾ ਉਨ੍ਹਾਂ ਨੇ 4 ਖੋਲ੍ਹ ਪੁਲਿਸ ਦੇ ਹਵਾਲੇ ਕਰ ਦਿੱਤੇ ਹਨ ਤੇ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।