ਫਿਰੋਜ਼ਪੁਰ: ਪੰਜਾਬ ਵਿਚਲੀ ਕਾਂਗਰਸ ਸਰਕਾਰ ਦੇ ਪੰਜ ਸਾਲ ਪੂਰੇ ਹੋ ਚੱਲੇ ਹਨ ਪਰ ਸਰਕਾਰ ਵੱਲੋਂ ਵਾਅਦਾ ਕੀਤੇ ਸਮਾਰਟਫੋਨਾਂ ਦਾ ਬਹੁਤ ਸਾਰੇ ਨੌਜਵਾਨ ਅਜੇ ਵੀ ਇੰਤਜ਼ਾਰ ਕਰ ਰਹੇ ਹਨ। ਸਰਕਾਰੀ ਸਕੂਲ ਦੇ 11ਵੀਂ ਤੇ 12ਵੀਂ ਦੇ ਹੀ ਕੁਝ ਵਿਦਿਆਰਥੀਆਂ ਨੂੰ ਇਹ ਸਮਾਰਟਫੋਨ ਮਿਲੇ ਸੀ।

ਜ਼ਿਲ੍ਹਾ ਫਿਰੋਜ਼ਪੁਰ ਕੈਂਟ 'ਚ ਇੱਕ ਸਪੇਅਰ ਪਾਰਟ ਦੀ ਦੁਕਾਨ ਤੇ ਕੰਮ ਕਰਦੇ ਨੌਜਵਾਨ ਲਵਿਸ਼ ਨੂੰ ਸਮਾਰਟਫੋਨ ਦਾ ਇੰਤਜ਼ਾਰ ਹੈ। ਉਸ ਨੇ ਪੰਜ ਸਾਲ ਪਹਿਲਾਂ ਔਨਲਾਈਨ ਸਮਾਰਟਫੋਨ ਲਈ ਅਪਲਾਈ ਕੀਤਾ ਸੀ ਪਰ ਅੱਜ ਤੱਕ ਉਨ੍ਹਾਂ ਨੂੰ ਸਮਾਰਟਫੋਨ ਨਹੀਂ ਮਿਲੇ।

ਪੰਜਾਬ 'ਚ 5 ਸਾਲ ਪਹਿਲਾਂ ਕਾਂਗਰਸ ਦੀ ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਲਈ ਐਲਾਨ ਕੀਤਾ ਸੀ ਕਿ ਉਹ ਨੌਜਵਾਨਾਂ ਨੂੰ ਸਮਾਰਟਫੋਨ ਦੇਵੇਗੀ। ਇਸ ਲਈ ਉਨ੍ਹਾਂ ਨੌਜਵਾਨਾਂ ਤੋਂ ਇੱਕ ਔਨਲਾਈਨ ਫਾਰਮ ਵੀ ਭਰਵਾਇਆ ਸੀ ਪਰ ਕਿਸੇ ਨੌਜਵਾਨ ਨੂੰ ਇਹ ਸਮਾਰਟਫੋਨ ਨਹੀਂ ਮਿਲਿਆ। ਸਿਰਫ ਵਿਦਿਆਰਥੀਆਂ ਨੂੰ ਹੀ ਇਹ ਸਮਾਰਟਫੋਨ ਦਿੱਤੇ ਗਏ ਹਨ।

ਲਵਿਸ਼ ਨੇ ਕਿਹਾ ਕਿ, "5 ਸਾਲ ਪਹਿਲਾਂ ਕਾਂਗਰਸ ਦੀ ਕੈਪਟਨ ਸਰਕਾਰ ਨੇ ਨੌਜਵਾਨਾਂ ਨਾਲ ਸਮਾਰਟਫੋਨ ਦਾ ਵਾਅਦਾ ਕੀਤਾ ਸੀ ਤੇ ਮੈਂ ਸਮਾਰਟਫੋਨ ਲਈ ਆਨਲਾਈਨ ਅਰਜ਼ੀ ਦਿੱਤੀ ਸੀ ਪਰ ਸਰਕਾਰ ਵੱਲੋਂ ਕੋਈ ਸਮਾਰਟ ਮੋਬਾਈਲਫੋਨ ਨਹੀਂ ਦਿੱਤਾ ਗਿਆ, ਮੈਨੂੰ ਫ਼ੋਨ ਦੀ ਬਹੁਤ ਜ਼ਰੂਰਤ ਸੀ ਜੇ ਮੈਨੂੰ ਫ਼ੋਨ ਮਿਲ ਜਾਂਦਾ ਤਾਂ ਮੈਂ ਬਹੁਤ ਕੁਝ ਕਰ ਸਕਦਾ ਸੀ।"

ਉਸ ਨੇ ਕਿਹਾ ਕਿ, " ਮੇਰੀ ₹ 6000 ਤਨਖਾਹ ਹੈ ਜਿਸ ਨਾਲ ਮੈਂ ਆਪਣਾ ਘਰ ਚਲਾਉਂਦਾ ਹਾਂ, ਉਮੀਦ ਹੈ ਕਿ ਹੁਣ ਮੁੱਖ ਮੰਤਰੀ ਚਰਨਜੀਤ  ਚੰਨੀ ਨੌਜਵਾਨਾਂ ਨੂੰ ਸਮਾਰਟਫੋਨ ਦੇਣਗੇ ਤੇ ਕੈਪਟਨ ਅਮਰਿੰਦ ਵੱਲੋਂ ਕੀਤੇ ਵਾਅਦੇ ਨੂੰ ਪੂਰਾ ਕਰਨਗੇ।"