ਫਰੀਦਕੋਟ: ਇੱਕ ਪਾਸੇ ਸਰਕਾਰ ਦਾਅਵੇ ਕਰ ਰਹੀ ਹੈ ਕਿ ਪੰਜਾਬ ਵਿੱਚ ਨਸ਼ੇ 'ਤੇ ਪੂਰੀ ਤਰ੍ਹਾਂ ਲਗਾਮ ਕੱਸੀ ਜਾ ਚੁੱਕੀ ਹੈ ਪਰ ਅੱਜ ਵੀ ਨੌਜਵਾਨ ਨਸ਼ੇ ਕਾਰਨ ਮਰ ਰਹੇ ਹਨ। ਅਜਿਹਾ ਹੀ ਮਾਮਲਾ ਫ਼ਰੀਦਕੋਟ ਦੇ ਕਸਬੇ ਜੈਤੋ ਵਿੱਚ ਸਾਹਮਣੇ ਆਇਆ। ਇੱਥੇ 23 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ।


 

ਹਾਸਲ ਜਾਣਕਾਰੀ ਮੁਤਾਬਕ ਜੈਤੋ ਨਿਵਾਸੀ ਰਵਿੰਦਰ ਉਰਫ਼ ਬਿੱਟੂ ਨਸ਼ੇ ਦਾ ਆਦੀ ਸੀ। ਉਸ ਦੀ ਦੋ-ਤਿੰਨ ਦਿਨ ਪਹਿਲਾਂ ਨਸ਼ਾ ਕਰਨ ਮਗਰੋਂ ਹਾਲਤ ਕਾਫ਼ੀ ਖ਼ਰਾਬ ਹੋ ਗਈ। ਉਸ ਨੂੰ ਇਲਾਜ ਲਈ ਬਠਿੰਡਾ ਲਿਜਾਇਆ ਗਿਆ। ਹਾਲਤ ਜ਼ਿਆਦਾ ਖ਼ਰਾਬ ਹੋਣ ਕਰਕੇ ਉਸ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਲਿਆਂਦਾ ਗਿਆ। ਦੇਰ ਰਾਤ ਨੌਜਵਾਨ ਦੀ ਮੌਤ ਹੋ ਗਈ।

ਮ੍ਰਿਤਕ ਦੇ ਭਰਾ ਵਿੱਕੀ ਨੇ ਦੱਸਿਆ ਕਿ ਉਸ ਦੇ ਭਰਾ ਚਿੱਟੇ ਦਾ ਆਦੀ ਸੀ। ਪਿਛਲੇ ਤਿੰਨ ਸਾਲ ਤੋਂ ਨਸ਼ਾ ਕਰ ਰਿਹਾ ਸੀ। ਨਸ਼ੇ ਦੀ ਓਵਰਡੋਜ਼ ਦੇ ਚੱਲਦੇ ਹੀ ਉਸ ਦੀ ਹਾਲਤ ਖ਼ਰਾਬ ਹੋ ਗਈ। ਇਸ ਮਗਰੋਂ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਐਸਪੀ (ਡੀ) ਸੇਵਾ ਸਿੰਘ ਮੱਲੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਸੂਚਨਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲੀਆਂ ਖਿਲਾਫ ਪੂਰੀ ਨਜ਼ਰ ਰੱਖੀ ਜਾ ਰਹੀ ਹੈ।