ਚੰਡੀਗੜ੍ਹ: ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਿਸੇ ਜਥੇਦਾਰ ਉੱਪਰ 'ਭ੍ਰਿਸ਼ਟਾਚਾਰ' ਦੇ ਇਲਜ਼ਾਮ ਲੱਗੇ ਹੋਣ। ਸਿੱਖ ਪੰਥ ਦੇ ਸਭ ਤੋਂ ਉਪਰਲੇ ਅਹੁਦੇ 'ਤੇ ਬਿਰਾਜਮਾਨ ਸ਼ਖ਼ਸ ਗਿਆਨੀ ਗੁਰਬਚਨ ਸਿੰਘ ਦੀ ਜਾਇਦਾਦ 'ਤੇ ਉੱਠੇ ਸਵਾਲਾਂ ਨੇ ਪੰਥਕ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਖੁਲਾਸਿਆਂ ਮਗਰੋਂ ਗਿਆਨੀ ਗੁਰਬਚਨ ਸਿੰਘ ਦੀ ਜਾਇਦਾਦ ਦੀ ਜਾਂਚ ਦੀ ਵੀ ਮੰਗ ਉੱਠੀ ਹੈ।


 

ਦਰਅਸਲ ਵਿਧਾਨ ਸਭਾ ਵਿੱਚ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਉੱਪਰ ਜਥੇਦਾਰ ਦੇ ਕਾਰਜਕਾਲ ਦੌਰਾਨ ਮਹਿੰਗਾ ਹੋਟਲ ਤੇ ਨਾਜਾਇਜ਼ ਜਾਇਦਾਦ ਬਣਾਉਣ ਦੇ ਇਲਜ਼ਾਮ ਲਾਏ ਸੀ। ਇਸ ਤੋਂ ਬਾਅਦ ਹੁਣ ਜਥੇਦਾਰ ਦੀ ਜਾਇਦਾਦ ਦੀ ਜਾਂਚ ਦੀ ਮੰਗ ਉੱਠਣ ਲੱਗੀ ਹੈ।

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਹੈ ਕਿ ਜਥੇਦਾਰ ਉੱਪਰ ਲੱਗੇ ਇਲਜ਼ਾਮਾਂ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਹਰਮਿੰਦਰ ਗਿੱਲ ਵੱਲੋਂ ਜਥੇਦਾਰ ਖਿਲਾਫ ਸਿਰਫ ਇਲਜ਼ਾਮ ਲਾਏ ਗਏ ਹਨ ਪਰ ਜਾਂਚ ਦੀ ਮੰਗ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਸ਼੍ਰੋਮਣੀ ਕਮੇਟੀ ਆਪ ਇਨ੍ਹਾਂ ਇਲਜ਼ਾਮਾਂ ਦੀ ਜਾਂਚ ਕਰੇ ਤੇ ਸੱਚ ਸਾਰਿਆਂ ਦੇ ਸਾਹਮਣੇ ਲੈ ਕੇ ਆਵੇ।

ਇਸੇ ਤਰ੍ਹਾਂ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਜਥੇਦਾਰ ਗੁਰਬਚਨ ਸਿੰਘ ਦੀ ਜਾਂਚ ਹੋਣੀ ਚਾਹੀਦੀ ਜੋ ਇੱਕ ਬਰਛਾ ਫੜ ਕੇ ਸੇਵਦਾਰ ਵਜੋਂ ਭਰਤੀ ਹੋਇਆ ਸੀ, ਅੱਜ ਕਿਵੇਂ ਮੁਕਤਸਰ ਸ਼ਹਿਰ ਵਿੱਚ ਤਿੰਨ ਤਾਰਾ ਹੋਟਲ ਦਾ ਮਾਲਕ ਬਣ ਗਿਆ? ਯਾਦ ਰਹੇ ਜਥੇਦਾਰ ਗੁਰਬਚਨ ਸਿੰਘ ਉੱਪਰ ਹਮੇਸ਼ਾਂ ਸ਼੍ਰੋਮਣੀ ਅਕਾਲੀ ਦਲ ਦਾ ਪੱਖ ਪੂਰਨ ਦੇ ਇਲਜ਼ਾਮ ਲੱਗਦੇ ਰਹੇ ਹਨ। ਇਸ ਕਰਕੇ ਉਨ੍ਹਾਂ ਦੇ ਅਸਤੀਫੇ ਦੀ ਵੀ ਮੰਗ ਉੱਠਦੀ ਰਹੀ ਹੈ।

ਹੁਣ ਤਾਜ਼ਾ ਮਾਮਲੇ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣ ਤੇ ਫਿਰ ਫੈਸਲਾ ਵਾਪਸ ਲੈਣ ਕਰਕੇ ਉਹ ਫਿਰ ਚਰਚਾ ਵਿੱਚ ਹਨ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਇਹ ਮਾਫੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਹਿਣ 'ਤੇ ਦਿੱਤੀ ਗਈ ਸੀ ਪਰ ਮਾਮਲਾ ਗਰਮਾ ਜਾਣ ਕਰਕੇ ਇਹ ਮਾਫੀਨਾਮਾ ਵਾਪਸ ਲੈ ਲਿਆ ਗਿਆ ਸੀ।