ਪਟਿਆਲਾ: ਇੱਥੇ ਇੱਕ ਨੌਜਵਾਨ ਨੇ ਆਪਣੇ ਹੀ ਮਾਪਿਆਂ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦਰਅਸਲ ਨੌਜਵਾਨ ਆਰਥਕ ਤੰਗੀ ਕਰਕੇ ਪ੍ਰੇਸ਼ਾਨ ਸੀ। ਮਾਪਿਆਂ ਨੂੰ ਮਾਰਨ ਬਾਅਦ ਉਸ ਨੇ ਖ਼ੁਦ ਵੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਕਾਫੀ ਕਲੇਸ਼ ਰਹਿੰਦਾ ਸੀ। ਇਹ ਘਟਨਾ 30 ਜਨਵਰੀ ਨੂੰ ਵਾਪਰੀ।

ਮ੍ਰਿਤਕਾਂ ਦੀ ਪਛਾਣ 60 ਸਾਲਾ ਮੋਹਨ ਲਾਲ ਸਿੰਗਲਾ ਅਤੇ 57 ਸਾਲਾ ਮਧੂ ਸਿੰਗਲਾ ਵਜੋਂ ਹੋਈ ਹੈ। ਇਹ ਦੋਵੇਂ ਜੀਅ ਤਫੱਜਲਪੁਰਾ ਵਿੱਚ ਕਰਿਆਨਾ ਸਟੋਰ ਚਲਾਉਂਦੇ ਸੀ। ਦੱਸਿਆ ਜਾਂਦਾ ਹੈ ਕਿ ਦੋਵਾਂ ਦਾ ਨਿੱਕਾ ਮੁੰਡਾ ਨਸ਼ੇ ਸਬੰਧੀ ਕੇਸ ਦੇ ਤਹਿਤ ਜੇਲ੍ਹ ਵਿੱਚ ਬੰਦ ਹੈ ਜਦਕਿ ਵੱਡਾ ਮੁੰਡਾ ਸ਼ਰਾਬ ਪੀਣ ਦਾ ਆਦੀ ਹੈ। ਦੋਵਾਂ ਮੁੰਡਿਆਂ ਦੇ ਨਸ਼ੇ ਅਤੇ ਕਰਜ਼ੇ ਦੀ ਮਾਰ ਕਰਕੇ ਪਰਿਵਾਰ ਵਿੱਚ ਆਏ ਦਿਨ ਕਲੇਸ਼ ਰਹਿੰਦਾ ਸੀ। ਵੱਡੇ ਮੁੰਡੇ ਦਾ ਹਾਲੇ ਵਿਆਹ ਨਹੀਂ ਹੋਇਆ। ਇਸੇ ਕਰਕੇ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਵੀ ਰਹਿੰਦਾ ਸੀ।

ਘਟਨਾ 30 ਜਨਵਰੀ ਨੂੰ ਵਾਪਰੀ ਪਰ ਇਲਾਕੇ ਦੇ ਲੋਕਾਂ ਨੇ 31 ਜਨਵਰੀ ਨੂੰ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਪੋਸਟ ਮਾਰਟਮ ਮਗਰੋਂ ਪੁਲਿਸ ਨੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ। ਘਟਨਾ ਸਥਾਨਕ ਤਫੱਜਲਪੁਰਾ ਵਿੱਚ ਵਾਪਰੀ।

ਪੁਲਿਸ ਜਾਂਚ ’ਚ ਪਤਾ ਲੱਗਾ ਕਿ ਵੱਡੇ ਮੁੰਡੇ ਨੇ ਨਸ਼ੇ ਦੀ ਹਾਲਤ ਵਿੱਚ ਆਪਣੇ ਮਾਪਿਆਂ ਨੂੰ ਜੂਸ ਵਿੱਚ ਜ਼ਹਿਰ ਦੇ ਕੇ ਮਾਰਿਆ। ਲਾਸ਼ਾਂ ਦੇ ਨਾਲ-ਨਾਲ ਉਸ ਨੂੰ ਵੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਉਸ ਦੇ ਗਲੇ ’ਤੇ ਵੀ ਨਿਸ਼ਾਨ ਦੇਖੇ ਗਏ। ਪੁਲਿਸ ਨੇ ਧਾਰਾ 302 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਭਲਕੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ।