ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੌਰਾਨ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਅੱਜ ਵਿਸ਼ੇਸ਼ ਤੌਰ ’ਤੇ ਵੱਧ-ਚੜ੍ਹ ਕੇ ਨੌਜਵਾਨਾਂ ਵੱਲੋਂ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਗਈ। ਕਿਸਾਨ ਮੋਰਚੇ ਦੇ ਪ੍ਰਬੰਧ ਤੇ ਸਟੇਜ ਸੰਚਾਲਨ ਨੌਜਵਾਨਾਂ ਵੱਲੋਂ ਹੀ ਕੀਤਾ ਗਿਆ।

ਸਮੂਹ ਕਿਸਾਨਾਂ, ਨੌਜਵਾਨ ਲੜਕੇ ਲੜਕੀਆਂ ਤੇ ਔਰਤਾਂ ਕੇਸਰੀ ਪੱਗਾਂ, ਚੁੰਨੀਆਂ ਤੇ ਪੱਟੀਆਂ ਬੰਨ ਕੇ ਮੋਰਚੇ ਵਿੱਚ ਸ਼ਾਮਲ ਹੋਏ, ਜਿਨ੍ਹਾਂ ਵੱਲੋਂ ਮੋਰਚੇ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਸਰਧਾਂਜਲੀ ਦੇ ਕੇ ਕੀਤੀ ਗਈ। ਇਸ ਦੌਰਾਨ ਨੌਜਵਾਨਾਂ ਨੇ ਗੱਲਬਾਤ ਕਰਦਿਆਂ ਕਿਹਾ, "ਜੋ ਆਜ਼ਾਦੀ ਲਈ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਸ਼ਹਾਦਤ ਦਿੱਤੀ ਸੀ, ਉਹ ਆਜ਼ਾਦੀ ਦੇਸ਼ ਦੇ ਲੋਕਾਂ ਨੂੰ ਨਹੀਂ ਮਿਲ ਸਕੀ।"

ਉਨ੍ਹਾਂ ਕਿਹਾ ਕਿ "ਅੱਜ ਵੀ ਕਿਰਤੀ ਲੋਕਾਂ ਦੀ ਲੁੱਟ ਜਾਰੀ ਹੈ। ਸ਼ਹੀਦ ਭਗਤ ਸਿੰਘ ਗੋਰੇ ਅੰਗਰੇਜ਼ਾਂ ਵਿਰੁੱਧ ਲੜਾਈ ਲੜਦੇ ਸ਼ਹਾਦਤ ਦੇ ਗਏ, ਜਦਕਿ ਅੱਜ ਕਾਲੇ ਅੰਗਰੇਜ਼ ਦੇਸ਼ ਨੂੰ ਲੁੱਟ ਰਹੇ ਹਨ। ਦੇਸ਼ ਦੇ ਅਜੋਕੇ ਹਾਲਾਤ ਸ਼ਹੀਦ ਭਗਤ ਸਿੰਘ ਦੇ ਸਮੇਂ ਵਾਂਗ ਹੀ ਹਨ।"

ਹੁਣ ਲੜਾਈ ਕਾਰਪੋਰੇਟ ਸਿਸਟਮ ਖਿਲਾਫ਼ ਲੋਕ ਲੜ੍ਹ ਰਹੇ ਹਨ। ਨੌਜਵਾਨਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਕਿਰਤੀ ਲੋਕਾਂ ਦੀ ਲੁੱਟ ਲਈ ਸਰਕਾਰ ਨੇ ਖੇਤੀ ਕਾਨੂੰਨ ਬਣਾਏ ਹਨ ਜਿਨ੍ਹਾਂ ਵਿਰੁਧ ਕਿਸਾਨ ਅਤੇ ਖਾਸ ਕਰ ਨੌਜਵਾਨ ਅੱਗੇ ਵਧ ਕੇ ਸੰਘਰਸ਼ ਕਰ ਰਹੇ ਹਨ।ਇਸ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਨੌਜਵਾਨ ਵੱਡੀ ਪੱਧਰ 'ਤੇ ਜਾਗਰੂਕ ਹੋਏ ਹਨ। ਜਿਸ ਕਰਕੇ ਇਹ ਸੰਘਰਸ਼ ਦੇਸ਼ ਨੂੰ ਇੱਕ ਨਵੀਂ ਮੰਜ਼ਿਲ ਵੱਲ ਲੈ ਕੇ ਜਾਵੇਗਾ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ