ਮਾਸਕੋ: ਰੂਸ ਦੇ ਪ੍ਰਧਾਨ ਮੰਤਰੀ ਦਮਿਤਰੀ ਮੇਦਵੇਦੇਵ ਨੇ ਆਪਣੇ ਪੂਰੇ ਮੰਤਰੀ ਮੰਡਲ ਨਾਲ ਅਸਤੀਫਾ ਦੇ ਦਿੱਤਾ ਹੈ। ਰੂਸ ਦੀ ਨਿਊਜ਼ ਏਜੰਸੀ ਮੁਤਾਬਕ ਰਾਸ਼ਟਰਪਤੀ ਪੁਤਿਨ ਨੇ ਮੇਦਵੇਦੇਵ ਦਾ ਧੰਨਵਾਦ ਕੀਤਾ, ਪਰ ਉਸ ਅਨੁਸਾਰ, ਪ੍ਰਧਾਨ ਮੰਤਰੀ ਟੀਚਿਆਂ ਨੂੰ ਹਾਸਲ ਕਰਨ 'ਚ ਨਾਕਾਮਯਾਬ ਨਹੀਂ ਹੋਏ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਸ਼ਟਰਪਤੀ ਪੁਤਿਨ ਵੱਲੋਂ ਸੰਵਿਧਾਨ ਨੂੰ ਬਦਲਣ ਦੀ ਤਜਵੀਜ਼ ਹੈ ਤੇ ਇਸ ਲਈ ਮੌਜੂਦਾ ਸਰਕਾਰ ਨੇ ਅਸਤੀਫਾ ਦੇ ਦਿੱਤਾ ਹੈ।


ਰੂਸ 'ਚ ਪ੍ਰਧਾਨ ਮੰਤਰੀ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਕਈ ਸੰਵਿਧਾਨਕ ਸੁਧਾਰਾਂ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਅਸਤੀਫਾ ਦੇ ਦਿੱਤਾ। ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਦਮਿਤਰੀ ਮੇਦਵੇਦੇਵ ਦੇ ਅਸਤੀਫੇ ਨੂੰ ਸਵੀਕਾਰ ਕਰ ਲਿਆ। ਉਸੇ ਸਮੇਂ ਏਐਫਪੀ ਤੋਂ ਇਹ ਖ਼ਬਰਾਂ ਆ ਰਹੀਆਂ ਹਨ ਕਿ ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਟੈਕਸ ਮੁਖੀ ਮਿਸ਼ੁਸਤੀਨ ਦੇ ਨਾਂ ਦੀ ਤਜਵੀਜ਼ ਦਿੱਤੀ ਹੈ।

ਮੇਦਵੇਦੇਵ ਤੇ ਪੁਤਿਨ ਲੰਬੇ ਸਮੇਂ ਤੋਂ ਕਰੀਬੀ ਸਹਿਯੋਗੀ ਰਹੇ ਹਨ। ਉਸ ਨੇ 2012 'ਚ ਰੂਸ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ ਚਾਰ ਸਾਲਾਂ (2008-2012) ਲਈ ਰਾਸ਼ਟਰਪਤੀ ਵੀ ਰਹਿ ਚੁੱਕੇ ਹਨ। ਪੁਤਿਨ ਨੇ ਮੇਦਵੇਦੇਵ ਦੇ ਕੈਬਨਿਟ ਮੈਂਬਰਾਂ ਨੂੰ ਕਿਹਾ ਹੈ ਕਿ ਜਦੋਂ ਤੱਕ ਨਵਾਂ ਕੈਬਨਿਟ ਨਹੀਂ ਬਣ ਜਾਂਦਾ ਉਦੋਂ ਤੱਕ ਕੰਮ ਜਾਰੀ ਰੱਖਣ।

ਇਹ ਮੰਨਿਆ ਜਾ ਰਿਹਾ ਹੈ ਕਿ ਪੁਤਿਨ ਨੇ ਆਪਣੇ ਆਪ ਨੂੰ ਸੱਤਾ 'ਚ ਰੱਖਣ ਲਈ ਇਹ ਪ੍ਰਸਤਾਵ ਦਿੱਤਾ, ਤਾਂ ਕਿ ਜੇ ਉਹ ਪ੍ਰਧਾਨ ਮੰਤਰੀ ਵੀ ਬਣੇ ਰਹਿਣ ਤੇ ਸੱਤਾ ਲੰਬੇ ਸਮੇਂ ਤੱਕ ਉਨ੍ਹਾਂ ਦੇ ਹੱਥ 'ਚ ਰਹੇ। 2024 'ਚ ਉਨ੍ਹਾਂ ਦਾ ਰਾਸ਼ਟਰਪਤੀ ਕਾਰਜਕਾਲ ਖ਼ਤਮ ਹੋ ਰਿਹਾ ਹੈ। ਇਹ ਉਸ ਦਾ ਚੌਥਾ ਕਾਰਜਕਾਲ ਹੈ। ਪੁਤਿਨ ਨੇ ਆਪਣੇ ਭਾਸ਼ਣ 'ਚ ਇਹ ਵੀ ਕਿਹਾ ਕਿ ਭਵਿੱਖ ਦਾ ਰਾਸ਼ਟਰਪਤੀ ਕਾਰਜਕਾਲ ਦੋ ਵਾਰ ਸੀਮਤ ਹੋਣਾ ਚਾਹੀਦਾ ਹੈ।