ਕੈਪਟਨ ਨੇ ਕਿਹਾ,''ਲਾਲ ਕਿਲ੍ਹੇ ਉਪਰ ਨਿਸ਼ਾਨ ਸਾਹਿਬ ਲਹਿਰਾਉਂਦੇ ਸਮੇਂ ਕੈਮਰੇ ਵਿੱਚ ਕੈਦ ਹੋਏ ਚਿਹਰੇ ਕਾਂਗਰਸ ਦੇ ਨਹੀਂ ਸਗੋਂ ਬੀਜੇਪੀ ਅਤੇ ਆਪ ਦੇ ਵਰਕਰਾਂ ਅਤੇ ਸਮਰਥਕਾਂ ਦੇ ਹਨ।'' ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਕਿਸੇ ਕਿਸਮ ਦੀ ਅਰਾਜਕਤਾ ਵਿੱਚ ਲਾਲ ਕਿਲ੍ਹੇ 'ਤੇ ਕਾਂਗਰਸ ਦਾ ਇਕ ਵੀ ਲੀਡਰ ਜਾਂ ਵਰਕਰ ਨਹੀਂ ਦੇਖਿਆ ਗਿਆ।
ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ 26 ਜਨਵਰੀ ਨੂੰ ਵਾਪਰੀ ਇਸ ਘਟਨਾ ਲਈ ਕਿਸਾਨ ਵੀ ਜ਼ਿੰਮੇਵਾਰ ਨਹੀਂ ਹਨ ਅਤੇ ਬਿਨਾਂ ਸ਼ੱਕ ਸਮਾਜ ਵਿਰੋਧੀ ਤੱਤਾਂ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਜਿਨ੍ਹਾਂ ਨੇ ਟਰੈਕਟਰ ਰੈਲੀ ਵਿੱਚ ਘੁਸਪੈਠ ਕਰ ਲਈ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਿਰਪੱਖ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਸਿਆਸੀ ਪਾਰਟੀ ਜਾਂ ਇੱਥੋਂ ਤੱਕ ਕਿ ਕਿਸੇ ਤੀਜੇ ਮੁਲਕ, ਜਿਸ ਬਾਰੇ ਭਾਜਪਾ ਦੇ ਲੀਡਰਾਂ ਵੱਲੋਂ ਦੋਸ਼ ਲਾਏ ਜਾ ਰਹੇ ਹਨ, ਦੀ ਸੰਭਾਵੀ ਭੂਮਿਕਾ ਦਾ ਪਤਾ ਲਾਇਆ ਜਾ ਸਕੇ।
ਸਿੰਘੂ ਬਾਰਡਰ 'ਤੇ ਪੁਲਿਸ ਕਰ ਰਹੀ ਬੈਰੀਕੇਡਿੰਗ, ਇੰਟਰਨੈੱਟ ਦੇ ਨਾਲ ਕਾਲ ਸਰਵਿਸ ਵੀ ਬੰਦ, ਨਿਹੰਗ ਸਿੰਘਾਂ ਵੱਲੋਂ ਵਿਰੋਧ
ਉਨ੍ਹਾਂ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਗੁਨਾਹਗਾਰਾਂ ਨੂੰ ਸਜ਼ਾ ਮਿਲੇ ਅਤੇ ਅਸਲ ਕਿਸਾਨਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਜਾਂ ਬਦਨਾਮ ਨਾ ਕੀਤਾ ਜਾਵੇ। ਰਾਹੁਲ ਗਾਂਧੀ ਉਪਰ ਹਿੰਸਾ ਲਈ ਉਕਸਾਉਣ ਦੇ ਲਾਏ ਦੋਸ਼ਾਂ ਲਈ ਕੇਂਦਰੀ ਮੰਤਰੀ 'ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ,''ਕੀ ਕਾਂਗਰਸੀ ਨੇਤਾ ਨੇ ਕਿਸੇ ਨੂੰ ਲਾਲ ਕਿਲ੍ਹੇ 'ਤੇ ਚੜ੍ਹਨ ਲਈ ਕਿਹਾ ਸੀ? ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਸਗੋਂ ਭਾਜਪਾ ਅਤੇ ਆਪ ਦੇ ਲੋਕ ਸਨ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ।''
ਮੁੱਖ ਮੰਤਰੀ ਨੇ ਕਿਹਾ,''ਸ਼ਾਂਤਮਈ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਕੌਮੀ ਰਾਜਧਾਨੀ ਵਿੱਚ ਜਾਣ ਤੋਂ ਮੈਂ ਕਿਵੇਂ ਰੋਕ ਸਕਦਾ ਹਾਂ।'' ਉਨ੍ਹਾਂ ਕਿਹਾ ਕਿ ਟਰੈਕਟਰ ਰੈਲੀ ਦੀ ਅਧਿਕਾਰਤ ਤੌਰ 'ਤੇ ਇਜਾਜ਼ਤ ਦਿੱਲੀ ਪੁਲੀਸ ਵੱਲੋਂ ਦਿੱਤੀ ਗਈ ਸੀ ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਰੈਲੀ ਵਿੱਚ ਜਾਣ ਤੋਂ ਕਿਸਾਨਾਂ ਨੂੰ ਰੋਕ ਲੈਣ ਦਾ ਕੋਈ ਕਾਰਨ ਹੀ ਨਹੀਂ ਬਣਦਾ।