Aap vs Congress: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਨੂੰ ਕਮਜ਼ੋਰ ਕਰਨ ਲਈ ਰਾਹੁਲ ਗਾਂਧੀ ਕਾਫ਼ੀ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਜਰੀਵਾਲ ਨੇ ਆਪ ਨੂੰ ਭਾਜਪਾ ਦੀ ਬੀ-ਟੀਮ ਕਹਿਣ ਤੋਂ ਬਾਅਦ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਆਪ, ਕਾਂਗਰਸ ਨੂੰ ਕਮਜ਼ੋਰ ਕਰ ਰਹੀ ਹੈ।


ਇੱਕ ਨਿੱਜੀ ਚੈੱਨਲ ਨੂੰ ਦਿੱਤੇ ਇੰਟਰਵਿਊ ਵਿੱਚ ਕੇਜਰੀਵਾਲ ਨੇ ਕਿਹਾ, "ਕੀ ਮੈਨੂੰ ਕਾਂਗਰਸ ਨੂੰ ਕਮਜ਼ੋਰ ਕਰਨ ਦੀ ਲੋੜ ਹੈ? ਕੀ ਰਾਹੁਲ ਗਾਂਧੀ ਕਾਫ਼ੀ ਨਹੀਂ ਹੈ।" ਤੁਹਾਨੂੰ ਦੱਸ ਦੇਈਏ ਕਿ ਇਸ ਸਬੰਧ ਵਿੱਚ ਉਨ੍ਹਾਂ ਦਾ ਪ੍ਰਤੀਕਰਮ ਪੁੱਛਿਆ ਗਿਆ ਸੀ ਕਿ ਸਿਆਸੀ ਵਿਰੋਧੀ ਅਜਿਹੇ ਦੋਸ਼ ਲਗਾ ਰਹੇ ਹਨ ਕਿ 'ਆਪ' ਕਾਂਗਰਸ ਨੂੰ ਕਮਜ਼ੋਰ ਕਰ ਰਹੀ ਹੈ ਅਤੇ ਭਾਜਪਾ ਦੀ 'ਬੀ-ਟੀਮ' ਵਜੋਂ ਕੰਮ ਕਰ ਰਹੀ ਹੈ।


'ਲੋਕਤੰਤਰ 'ਚ ਲੋਕ ਫ਼ੈਸਲੇ ਲੈਂਦੇ ਹਨ'


ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' 'ਤੇ ਕੇਜਰੀਵਾਲ ਨੇ ਕਿਹਾ, "ਉਨ੍ਹਾਂ ਨੂੰ ਕਰਨ ਦਿਓ। ਹਰ ਕੋਈ ਚੰਗਾ ਕੰਮ ਕਰੇ। ਸ਼ੁੱਭ ਕਾਮਨਾਵਾਂ।" ਇਹ ਪੁੱਛੇ ਜਾਣ 'ਤੇ ਕਿ ਜੇਕਰ 'ਆਪ' ਕੇਂਦਰ 'ਚ ਸੱਤਾ 'ਚ ਆਉਂਦੀ ਹੈ ਅਤੇ ਉਹ ਪ੍ਰਧਾਨ ਮੰਤਰੀ ਬਣ ਜਾਂਦੇ ਨੇ ਤਾਂ  ਅਜਿਹਾ ਕੀ ਹੋਵੇਗਾ, ਕੇਜਰੀਵਾਲ ਨੇ ਕਿਹਾ, "ਲੋਕਤੰਤਰ 'ਚ ਲੋਕ ਫ਼ੈਸਲਾ ਲੈਂਦੇ ਹਨ। ਜਦੋਂ ਸਾਰੇ ਇਕੱਠੇ ਹੋਣਗੇ, ਉਹ ਫ਼ੈਸਲਾ ਕਰਨਗੇ।"


5 ਸਾਲਾਂ ਚ ਦੇਸ਼ ਬਣਗੇ 1 ਨੰਬਰ


ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਵਿਦਿਆਰਥੀਆਂ ਨੂੰ ਮੁਫ਼ਤ ਅਤੇ ਮਿਆਰੀ ਸਿੱਖਿਆ ਦਿੱਤੀ ਜਾਵੇ, ਨਾਗਰਿਕਾਂ ਨੂੰ ਮੁਫ਼ਤ ਅਤੇ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ ਅਤੇ ਦੇਸ਼ ਦੇ ਹਰ ਨੌਜਵਾਨ ਨੂੰ ਨੌਕਰੀ ਦਿੱਤੀ ਜਾਵੇ ਤਾਂ ਪੰਜ ਸਾਲਾਂ ਦੇ ਅੰਦਰ ਭਾਰਤ ਦੁਨੀਆ ਦਾ ਨੰਬਰ ਇਕ ਦੇਸ਼ ਬਣ ਸਕਦਾ ਹੈ।


'ਆਪ' ਦਾ ਨਿਸ਼ਾਨਾ ਗੁਜਰਾਤ ਅਤੇ ਹਿਮਾਚਲ 


ਜ਼ਿਕਰਯੋਗ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ 'ਚ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਗਾਤਾਰ ਗੁਜਰਾਤ ਦਾ ਦੌਰਾ ਕਰ ਰਹੇ ਹਨ ਅਤੇ ਉੱਥੇ ਚੋਣ ਵਾਅਦੇ ਕਰ ਰਹੇ ਹਨ। ਹਿਮਾਚਲ ਵਿੱਚ ਵੀ ਆਮ ਆਦਮੀ ਪਾਰਟੀ ਨੇ ਆਪਣੀਆਂ ਚੋਣ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ।