ਨਵੀਂ ਦਿੱਲੀ: ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨਾਲ ਗ੍ਰਿਫ਼ਤਾਰ ਹੋਏ ਡੀਐਸਪੀ ਦਵਿੰਦਰ ਸਿੰਘ ਨੂੰ ਲੈ ਕੇ ਰਾਜਨੀਤੀ ਗਰਮਾ ਗਈ ਹੈ। ਇਸ ਮਾਮਲੇ ਦੀ ਜਾਂਚ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਟਵੀਟ ਕਰਕੇ ਲਗਾਤਾਰ ਮੋਦੀ ਸਰਕਾਰ 'ਤੇ ਨਿਸ਼ਾਨੇ ਸਾਧ ਰਹੇ ਹਨ। ਰਾਹੁਲ ਨੇ ਟਵੀਟ ਕਰ ਸਵਾਲ ਪੁੱਛਿਆ ਹੈ ਕਿ ਡੀਐਸਪੀ ਦਵਿੰਦਰ ਦਾ ਮੂੰਹ ਕੌਣ ਬੰਦ ਕਰਨਾ ਚਾਹੁੰਦਾ ਹੈ? ਰਾਹੁਲ ਨੇ ਟਵੀਟ 'ਚ ਐਨਆਈ ਮੁਖੀ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ।


ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ, "ਅੱਤਵਾਦੀ ਡੀਐਸਪੀ ਦਵਿੰਦਰ ਨੂੰ ਚੁੱਪ ਕਰਵਾਉਣ ਦਾ ਸਭ ਤੋਂ ਚੰਗਾ ਤਰੀਕਾ ਹੈ, ਮਾਮਲੇ ਨੂੰ ਐਨਆਈਏ ਨੂੰ ਸੌਂਪ ਦੇਣਾ। ਐਨਆਈਏ ਦੀ ਨੁਮਾਇੰਦਗੀ ਇੱਕ ਹੋਰ ਮੋਦੀ-'ਵਾਈ ਕੇ' ਕਰਦੇ ਹਨ, ਜਿਨ੍ਹਾਂ ਗੁਜਰਾਤ ਦੰਗਿਆਂ ਤੇ ਹਰੇਨ ਪਾਂਡਿਆ ਕਤਲ ਦੀ ਜਾਂਚ ਕੀਤੀ ਸੀ। ਵਾਈ ਕੇ ਦੀ ਦੇਖਰੇਖ 'ਚ ਵੀ ਇਸ ਕੇਸ 'ਚ ਕੋਈ ਨਤੀਜਾ ਆਉਣ ਦੀ ਉਮੀਦ ਨਹੀਂ ਹੈ"


ਇਸ ਦੇ ਨਾਲ ਹੀ ਬੀਤੇ ਦਿਨ ਰਾਹੁਲ ਨੇ ਇਸ ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਐਨਐਸਏ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੀ ਖਾਮੋਸ਼ੀ ਨੂੰ ਲੈ ਕੇ ਸਵਾਲ ਕੀਤਾ। ਉਨ੍ਹਾਂ ਕਿਹਾ ਕਿ ਦਵਿੰਦਰ ਸਿੰਘ ਖਿਲਾਫ ਅਦਾਲਤ 'ਚ ਕੇਸ ਚੱਲਣਾ ਚਾਹੀਦਾ ਹੈ ਤੇ ਇਲਜ਼ਾਮ ਸਾਬਤ ਹੋ ਜਾਣ 'ਤੇ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ।


ਰਾਹੁਲ ਨੇ ਇਹ ਵੀ ਸਵਾਲ ਕੀਤਾ ਕਿ ਦਵਿੰਦਰ ਸਿੰਘ ਦੀ ਪੁਲਵਾਮਾ ਹਮਲੇ 'ਚ ਕੀ ਭੂਮਿਕਾ ਕੀਤੀ ਸੀ ਤੇ ਉਸ ਦਾ ਕੀ ਨਤੀਜਾ ਮਿਲ ਰਿਹਾ ਸੀ? ਗਾਂਧੀ ਨੇ ਟਵੀਟ ਕਰ ਕਿਹਾ, "ਡੀਐਸਪੀ ਦਵਿੰਦਰ ਸਿੰਘ ਨੇ ਆਪਣੇ ਘਰ 'ਚ ਤਿੰਨ ਅਜਿਹੇ ਅੱਤਵਾਦੀਆਂ ਨੂੰ ਪਨਾਹ ਦਿੱਤੀ ਤੇ ਉਨ੍ਹਾਂ ਨੂੰ ਦਿੱਲੀ ਕੇ ਜਾਂਦੇ ਹੋਏ ਫੜਿਆ ਜਿਨ੍ਹਾਂ ਦੇ ਹੱਥ ਭਾਰਤੀ ਨਾਗਰਿਕਾਂ ਦਾ ਖੂਨ ਲੱਗਿਆ ਹੈ"