Rajasthan CM Ashok Gehlot: ਰਾਜਸਥਾਨ ਦੇ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਅਸ਼ੋਕ ਗਹਿਲੋਤ ਅੱਜ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਣਗੇ। ਉਹ ਯਾਤਰਾ 'ਚ ਸ਼ਾਮਲ ਹੋਣ ਲਈ ਸਵੇਰੇ ਮੁੰਬਈ ਤੋਂ ਕੋਚੀ ਪਹੁੰਚਣਗੇ। ਇਸ ਤੋਂ ਬਾਅਦ ਉਹ ਰਾਹੁਲ ਗਾਂਧੀ ਨਾਲ ਪ੍ਰੈੱਸ ਕਾਨਫਰੰਸ 'ਚ ਵੀ ਸ਼ਿਰਕਤ ਕਰਨਗੇ। ਸ਼ਾਮ ਨੂੰ ਉਹ ਰਾਹੁਲ ਗਾਂਧੀ ਨਾਲ ਭਾਰਤ ਜੋੜੋ ਯਾਤਰਾ 'ਚ ਸ਼ਾਮਲ ਹੋਣਗੇ ਅਤੇ ਕੁਝ ਦੂਰੀ ਤੱਕ ਪੈਦਲ ਜਾਣਗੇ।
ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਪ੍ਰਧਾਨਗੀ ਲਈ ਤਿਆਰ
ਅਸ਼ੋਕ ਗਹਿਲੋਤ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕਰਨ ਲਈ ਪਿਛਲੇ ਦੋ ਦਿਨਾਂ ਤੋਂ ਚਰਚਾ ਵਿੱਚ ਸਨ। ਬੁੱਧਵਾਰ ਨੂੰ ਅਸ਼ੋਕ ਗਹਿਲੋਤ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਮੰਨਿਆ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਨਾਲ ਉਨ੍ਹਾਂ ਦੀ ਮੁਲਾਕਾਤ ਦੌਰਾਨ ਪ੍ਰਧਾਨ ਦੀ ਚੋਣ ਨਾਲ ਜੁੜੇ ਮੁੱਦਿਆਂ 'ਤੇ ਹੀ ਮੁੱਖ ਤੌਰ 'ਤੇ ਚਰਚਾ ਹੋਈ ਹੈ। ਗਹਿਲੋਤ ਬੁੱਧਵਾਰ ਸ਼ਾਮ ਨੂੰ ਦਿੱਲੀ ਤੋਂ ਮੁੰਬਈ ਪਹੁੰਚੇ ਸਨ। ਇੱਥੇ ਗਹਿਲੋਤ ਨੇ ਬੁੱਧਵਾਰ ਨੂੰ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਦੇ ਸਪੱਸ਼ਟ ਸੰਕੇਤ ਦਿੱਤੇ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੇਗੀ, ਉਹ ਉਸ ਨੂੰ ਨਿਭਾਉਣਗੇ।
ਰਾਹੁਲ ਨੂੰ ਪ੍ਰਧਾਨ ਦੇ ਅਹੁਦੇ ਲਈ ਮਨਾਉਣ ਦੀ ਕੋਸ਼ਿਸ਼
ਇਸ ਤੋਂ ਪਹਿਲਾਂ ਅਸ਼ੋਕ ਗਹਿਲੋਤ ਨੇ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਵੀ ਕਿਹਾ ਕਿ ਉਹ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਣ ਲਈ ਮਨਾਉਣ ਲਈ ਆਪਣੀ ਆਖਰੀ ਕੋਸ਼ਿਸ਼ ਕਰਨ ਲਈ ਕੋਚੀ ਜਾਣਗੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨਾਲ ਗੱਲ ਕਰਨ ਤੋਂ ਬਾਅਦ ਹੀ ਉਹ ਫੈਸਲਾ ਕਰਨਗੇ ਕਿ ਅੱਗੇ ਕੀ ਕਰਨਾ ਹੈ। ਦੱਸ ਦੇਈਏ ਕਿ ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਦੌੜ ਵਿੱਚ ਅਸ਼ੋਕ ਗਹਿਲੋਤ ਦੇ ਨਾਲ ਕੇਰਲ ਤੋਂ ਪਾਰਟੀ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਦਾ ਨਾਮ ਵੀ ਸਾਹਮਣੇ ਆਇਆ ਹੈ।
ਇਸ ਤਰ੍ਹਾਂ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਹੋਵੇਗੀ
ਦੂਜੇ ਪਾਸੇ ਕਾਂਗਰਸ ਪ੍ਰਧਾਨ ਦੀ ਚੋਣ ਲਈ ਐਲਾਨੇ ਪ੍ਰੋਗਰਾਮ ਅਨੁਸਾਰ 22 ਸਤੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਅਤੇ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 24 ਤੋਂ 30 ਸਤੰਬਰ ਤੱਕ ਚੱਲੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 8 ਅਕਤੂਬਰ ਹੈ। ਇੱਕ ਤੋਂ ਵੱਧ ਉਮੀਦਵਾਰ ਹੋਣ ਦੀ ਸੂਰਤ ਵਿੱਚ 17 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ 19 ਅਕਤੂਬਰ ਨੂੰ ਨਤੀਜੇ ਐਲਾਨੇ ਜਾਣਗੇ।