ਲਖਨਊ: ਲਖੀਮਪੁਰ ਕਾਂਡ 'ਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਲਈ ਪੰਜਾਬ ਤੇ ਉਤਰਾਖੰਡ ਸਰਕਾਰ ਨੇ 50-50 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਬਾਅਦ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਡਾ ਪੈਸਿਆਂ ਦਾ ਸਮਝੌਤਾ ਨਹੀਂ ਹੋਇਆ ਹੈ। ਸਾਡਾ ਸਮਝੌਤਾ ਇਹ ਸੀ ਕਿ ਜਦ ਤੱਕ ਆਰੋਪੀਆਂ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ ਉਨ੍ਹਾਂ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਇਹ ਫੈਸਲਾ ਪਰਿਵਾਰ, ਪ੍ਰਸ਼ਾਸਨ ਅਤੇ ਕਿਸਾਨ ਸੰਗਠਨਾਂ ਦੀ ਸਹਿਮਤੀ ਨਾਲ ਲਿਆ ਗਿਆ ਸੀ। ਉਸ ਦੌਰਾਨ ਉੱਥੇ 10 ਹਜ਼ਾਰ ਲੋਕ ਮੌਜੂਦ ਸਨ। 


 


ਉਨ੍ਹਾਂ ਕਿਹਾ ਸਰਕਾਰ ਨੇ ਇੱਕ ਹਫਤੇ ਦਾ ਸਮਾਂ ਮੰਗਿਆ ਹੈ। ਕਿਸੇ ਮੰਤਰੀ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਸਮਝੌਤਾ ਹੋ ਗਿਆ ਹੈ ਅਤੇ ਪੈਸੇ ਦਾ ਸਮਝੌਤਾ ਹੋ ਗਿਆ ਹੈ। ਉਨ੍ਹਾਂ ਕਿਹਾ ਜਿਸਨੇ ਇਸ ਕਰਮ ਕਾਂਡ ਨੂੰ ਕਰਵਾਇਆ ਹੈ ਉਸ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਟਿਕੈਤ ਨੇ ਕਿਹਾ ਅਜੇ ਟੇਨੀ ਮਿਸ਼ਰਾ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਇਹ ਉਹ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਦਾ ਸਮਝੌਤਾ ਹੋਇਆ ਹੈ। ਪੁਲਿਸ ਨੇ ਇੱਕ ਹਫ਼ਤੇ ਦਾ ਸਮਾਂ ਮੰਗਿਆ ਹੈ। 


 


ਉਨ੍ਹਾਂ ਕਿਹਾ ਜੋ ਵੀ ਮ੍ਰਿਤਕ ਕਿਸਾਨਾਂ ਦੀਆਂ ਅੰਤਿਮ ਰਸਮਾਂ ਹੋਣਗੀਆਂ ਉਸ ਦਿਨ ਅਸੀਂ ਸਖਤ ਫੈਸਲਾ ਲਵਾਂਗੇ। ਬਿਆਨਬਾਜ਼ੀ ਦਾ ਗਲਤ ਤਰੀਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਗ੍ਰਿਫਤਾਰੀ ਇੱਕ ਹਫਤੇ ਵਿੱਚ ਹੋਵੇਗੀ, ਅਜਿਹਾ ਨਹੀਂ ਹੁੰਦਾ ਤਾਂ ਅਸੀਂ ਸਖਤ ਫੈਸਲਾ ਲਵਾਂਗੇ, ਇਹ ਸਾਡਾ ਫੈਸਲਾ ਹੈ। ਉਨ੍ਹਾਂ ਕਿਹਾ ਜਦੋਂ ਭੋਗ ਜਾਂ ਅੰਤਿਮ ਅਰਦਾਸ ਹੋਵੇਗੀ, ਸੰਯੁਕਤ ਕਿਸਾਨ ਮੋਰਚਾ ਇੱਥੇ ਆਵੇਗਾ। ਤੇ ਉਸੇ ਥਾਂ 'ਤੇ, ਚਾਰਾਂ ਦਾ ਭੋਗ ਅਤੇ ਅੰਤਿਮ ਅਰਦਾਸ ਕੀਤੀ ਜਾਵੇਗੀ। ਅੱਜ ਤੋਂ ਹੀ ਪੁਲਿਸ ਪ੍ਰਸ਼ਾਸਨ ਨੂੰ ਆਪਣਾ ਕੰਮ ਸ਼ੁਰੂ ਕਰਨਾ ਚਾਹੀਦਾ ਹੈ।


 


ਦਸ ਦਈਏ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਲਖੀਮਪੁਰ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਰਾਹੁਲ ਗਾਂਧੀ ਕੁਝ ਸਮਾਂ ਪਹਿਲਾਂ ਲਖਨਾਊ ਜਾਣ ਲਈ ਦਿੱਲੀ ਹਵਾਈ ਅੱਡੇ ਤੋਂ ਰਵਾਨਾ ਹੋਏ ਹਨ। ਪੰਜਾਬ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵੀ ਰਾਹੁਲ ਦੇ ਨਾਲ ਜਾ ਰਹੇ ਹਨ। ਤਿੰਨੇ ਕਾਂਗਰਸੀ ਆਗੂ ਲਖੀਮਪੁਰ ਦੇ ਪੀੜਤ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣਗੇ। ਉੱਤਰ ਪ੍ਰਦੇਸ਼ ਸਰਕਾਰ ਦੇ ਗ੍ਰਹਿ ਵਿਭਾਗ ਨੇ ਕਿਹਾ ਕਿ ਰਾਜ ਸਰਕਾਰ ਨੇ ਕਾਂਗਰਸੀ ਨੇਤਾਵਾਂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਤਿੰਨ ਹੋਰਾਂ ਨੂੰ ਲਖੀਮਪੁਰ ਖੇੜੀ ਆਉਣ ਦੀ ਆਗਿਆ ਦੇ ਦਿੱਤੀ ਹੈ।