ਨਵੀਂ ਦਿੱਲੀ: ਦਿੱਲੀ-ਗਾਜੀਆਬਾਦ ਬਾਰਡਰ ’ਤੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੀ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦੀ ਜਾਨ ਨੂੰ ਖਤਰਾ ਹੈ। ਉਨ੍ਹਾਂ ਨੂੰ ਇੱਕ ਨੌਜਵਾਨ ਨੇ ਫੋਨ ’ਤੇ ਧਮਕੀ ਦਿੱਤੀ ਹੈ। ਉਹ ਵੱਟਸਐਪ 'ਤੇ ਮੈਸੇਜ਼ ਭੇਜ ਕੇ ਪ੍ਰੇਸ਼ਾਨ ਕਰ ਰਿਹਾ ਹੈ। ਇਸ ਬਾਰੇ ਭਾਕਿਯੂ ਦੇ ਇੱਕ ਮੈਂਬਰ ਨੇ ਕੌਸ਼ਾਂਬੀ ਥਾਣੇ ’ਚ ਸ਼ਿਕਾਇਤ ਵੀ ਦਰਜ ਕਰਵਾਈ ਹੈ।


 


ਪੁਲਿਸ ਨੇ ਰਿਪੋਰਟ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲੋਨੀ ਵਾਸੀ ਵਿਪਨ ਕੁਮਾਰ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਹਨ। ਉਨ੍ਹਾਂ ਨੇ ਸ਼ਿਕਾਇਤ ’ਚ ਪੁਲਿਸ ਨੂੰ ਦੱਸਿਆ ਕਿ ਲਗਪਗ ਇੱਕ ਮਹੀਨੇ ਤੋਂ ਭਾਕਿਯੂ ਦੇ ਬੁਲਾਰੇ ਰਾਕੇਸ਼ ਟਿਕੈਤ ਨੂੰ ਇੱਕ ਮੋਬਾਈਲ ਨੰਬਰ ਤੋਂ ਫੋਨ ਆ ਰਿਹਾ ਹੈ।


 


ਕਾਲ ਕਰਨ ਵਾਲਾ ਦੁਰਵਿਵਹਾਰ ਕਰ ਰਿਹਾ ਹੈ। ਵਿਰੋਧ ਕਰਨ 'ਤੇ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਹੈ। ਇਸ ਦੇ ਨਾਲ ਹੀ ਵੱਟਸਐਪ 'ਤੇ ਵੀ ਮੈਸੇਜ਼ ਭੇਜ ਕੇ ਤੰਗ-ਪ੍ਰੇਸ਼ਾਨ ਕਰ ਰਿਹਾ ਹੈ। ਲੰਬੇ ਸਮੇਂ ਤੋਂ ਭਾਕਿਯੂ ਦੇ ਬੁਲਾਰੇ ਰਾਕੇਸ਼ ਟਿਕੈਤ ਉਸ ਨੂੰ ਸਮਝਾ ਰਹੇ ਹਨ ਤੇ ਨਜ਼ਰਅੰਦਾਜ਼ ਵੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਲਗਾਤਾਰ ਫੋਨ ਕਰਕੇ ਗਾਲਾਂ ਤੇ ਧਮਕੀਆਂ ਦੇ ਰਿਹਾ ਹੈ।


 


ਇਸ ਤੋਂ ਬਾਅਦ ਉਸ ਨੇ ਮੋਬਾਈਲ ਨੰਬਰ ਤੇ ਮੈਸੇਜ਼ ਦੀਆਂ ਤਸਵੀਰਾਂ ਲਈਆਂ ਤੇ ਉਸ ਵਿਰੁੱਧ ਕੌਸਾਂਬੀ ਥਾਣੇ ’ਚ ਸ਼ਿਕਾਇਤ ਦਿੱਤੀ ਹੈ। ਪੁਲਿਸ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀ ਹੁਣ ਤਕ ਦੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਦੇ ਮੋਬਾਈਲ ਦੀ ਲੋਕੇਸ਼ਨ ਆਗਰਾ ਡਿਵੀਜ਼ਨ ਦੇ ਫਿਰੋਜ਼ਾਬਾਦ ਦੀ ਹੈ।


 


ਪੁਲਿਸ ਦੀ ਟੀਮ ਨੰਬਰ ਦੀ ਡਿਟੇਲ ਕੱਢਵਾ ਰਹੀ ਹੈ। ਐਸਪੀ ਸਿਟੀ-2 ਗਿਆਨੇਂਦਰ ਸਿੰਘ ਨੇ ਦੱਸਿਆ ਕਿ ਪੀੜ੍ਹਤ ਦੀ ਸ਼ਿਕਾਇਤ ’ਤੇ ਆਈਟੀ ਐਕਟ ਤੇ ਧਮਕਾਉਣ ਦੇ ਮਾਮਲੇ ’ਚ ਰਿਪੋਰਟ ਦਰਜ ਕੀਤੀ ਗਈ ਹੈ। ਪੁਲਿਸ ਦੀਆਂ ਟੀਮਾਂ ਜਾਂਚ ਕਰ ਰਹੀਆਂ ਹਨ। ਮੁਲਜ਼ਮ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।


 


ਜਿਕਰਯੋਗ ਹੈ ਕਿ ਦਿੱਲੀ-ਗਾਜੀਆਬਾਦ ਬਾਰਡਰ ’ਤੇ 27 ਨਵੰਬਰ 2020 ਤੋਂ ਕਿਸਾਨ ਧਰਨੇ ’ਤੇ ਬੈਠੇ ਹਨ। 26 ਦਸੰਬਰ ਨੂੰ ਰਾਕੇਸ਼ ਟਿਕੈਤ ਨੂੰ ਇੱਕ ਨੰਬਰ ਤੋਂ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ ਧਮਕੀ ਦਿੱਤੀ ਸੀ। ਅਰਜੁਨ ਬਾਲਿਆਨ ਵੱਲੋਂ ਕੌਸਾਂਬੀ ਥਾਣੇ ’ਚ ਇੱਕ ਰਿਪੋਰਟ ਦਰਜ ਕਰਵਾਈ ਗਈ ਸੀ। ਇਸ ਤੋਂ ਬਾਅਦ ਰਾਕੇਸ਼ ਟਿਕੈਤ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ। ਕੌਸਾਂਬੀ ਪੁਲਿਸ ਨੇ ਮਾਨਵ ਮਿਸ਼ਰਾ ਵਾਸੀ ਭਾਗਲਪੁਰ ਬਿਹਾਰ ਨੂੰ ਗ੍ਰਿਫਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ ਸੀ।