ਚੰਡੀਗੜ੍ਹ: ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਬੇਅਦਬੀ ਤੇ ਗੋਲੀ ਕਾਂਡ ਬਾਰੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਨਵੀਂ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੁੰਦਿਆਂ ਸਾਲ 2015 ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਗੋਲੀ ਕਾਂਡ ਲਈ ਉਸ ਵੇਲੇ ਦੀ ਬਾਦਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਢੱਡਰੀਆਂ ਵਾਲੇ ਦਾ ਬਿਆਨ ਕਾਫੀ ਅਹਿਮੀਅਤ ਰੱਖਦਾ ਹੈ ਕਿਉਂਕਿ ਉਸ ਵੇਲੇ ਉਹ ਸੰਗਤਾਂ ਦੀ ਅਗਵਾਈ ਕਰ ਰਹੇ ਸੀ।



ਸਿੱਟ ਸਾਹਮਣੇ ਪੇਸ਼ ਹੋਣ ਮਗਰੋਂ ਢੱਡਰੀਆਂ ਵਾਲੇ ਨੇ ਬੇਅਦਬੀ ਦੀਆਂ ਘਟਨਾਵਾਂ ਲਈ ਤਤਕਾਲੀ ਬਾਦਲ ਸਰਕਾਰ ’ਤੇ ਉਂਗਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀਆਂ ਘਟਨਾਵਾਂ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀ ਸਰਕਾਰ ਸਮੇਂ ਵਾਪਰੀਆਂ। ਢੱਡਰੀਆਂ ਵਾਲਿਆਂ ਨੇ ਕਿਹਾ ਕਿ ਸੰਗਤਾਂ ’ਤੇ ਕਹਿਰ ਢਾਹੁਣ ਦੀਆਂ ਦਿਲ ਕੰਬਾਊ ਘਟਨਾਵਾਂ ਸਰਕਾਰ ਦੀ ਸਹਿਮਤੀ ਤੋਂ ਬਿਨਾ ਅੰਜਾਮ ਦਿੱਤਾ ਜਾਣਾ ਅਸੰਭਵ ਹੈ।

ਢੱਡਰੀਆਂ ਵਾਲੇ ਨੇ ਕਿਹਾ ਕਿ ਇਹ ਮਾਮਲਾ ਬੇਹੱਦ ਸੰਵੇਦਨਸ਼ੀਲ ਸੀ। ਸੰਗਤਾਂ ਸ਼ਾਂਤਮਈ ਬੈਠੀਆਂ ਪਾਠ ਕਰ ਰਹੀਆਂ ਸੀ। ਅਜਿਹੇ ਵਿੱਚ ਸਥਾਨਕ ਪ੍ਰਸਾਸ਼ਨ ਖੁਦ ਗੋਲੀ ਚਲਾਉਣ ਦਾ ਫੈਸਲਾ ਨਹੀਂ ਲੈ ਸਕਦਾ। ਇਸ ਲਈ ਸਪਸ਼ਟ ਹੈ ਕਿ ਗੋਲੀ ਚਲਾਉਣ ਦੇ ਆਰਡਰ ਜ਼ਿੰਮੇਵਾਰ ਲੋਕਾਂ ਨੇ ਹੀ ਦਿੱਤੇ ਹੋਣਗੇ।

ਦਰਅਸਲ ਸਾਲ 2015 ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਨਵੀਂ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਸੋਮਵਾਰ ਨੂੰ ਪਟਿਆਲਾ ’ਚ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਬਿਆਨ ਕਲਮਬੰਦ ਕੀਤੇ ਹਨ।

ਢੱਡਰੀਆਂ ਵਾਲ਼ਿਆਂ ਤੋਂ ਮੁੱਖ ਰੂਪ ਵਿੱਚ 14 ਅਕਤੂਬਰ, 2015 ਨੂੰ ਕੋਟਕਪੂਰਾ ਵਿੱਚ ਧਰਨਾ ਦੇ ਰਹੀਆਂ ਸਿੱਖ ਸੰਗਤਾਂ ’ਤੇ ਪੁਲਿਸ ਵੱਲੋਂ ਲਾਠੀਚਾਰਜ ਕਰਨ ਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੀਆਂ ਘਟਨਾਵਾਂ ਬਾਰੇ ਹੀ ਸਵਾਲ ਪੁੱਛੇ ਗਏ। ਇਸ ਘਟਨਾ ਵੇਲੇ ਢੱਡਰੀਆਂ ਵਾਲੇ ਵੀ ਉੱਥੇ ਮੌਜੂਦ ਸਨ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904