ਨਵੀਂ ਦਿੱਲੀ: ਕਾਂਗਰਸ ਦੇ ਐਮਪੀ ਰਵਨੀਤ ਸਿੰਘ ਬਿੱਟੂ ਕਿਸਾਨ ਅੰਦੋਲਨ ਬਾਰੇ ਬਿਆਨ ਦੇ ਕੇ ਮੁੜ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਯੋਗੇਂਦਰ ਯਾਦਵ 26 ਜਨਵਰੀ ਨੂੰ ਹਿੰਸਾ ਦਾ ਕਾਰਨ ਬਣੇ ਕਿਸਾਨਾਂ ਨੂੰ ਭੜਕਾਉਣ ਲਈ ਜ਼ਿੰਮੇਵਾਰ ਹਨ। ਬਿੱਟੂ ਦੇ ਇਸ ਬਿਆਨ ਤੋਂ ਕਿਸਾਨ ਲੀਡਰ ਖਫਾ ਹਨ।


 


ਇਸ ਬਾਰੇ ਕਿਸਾਨ ਲੀਡਰ ਜਗਮੋਹਨ ਸਿੰਘ ਨੇ ਕਿਹਾ ਕਿ ਰਵਨੀਤ ਬਿੱਟੂ ਦਾ ਬਿਆਨ ਗਲਤ ਹੈ। ਯੋਗਿੰਦਰ ਯਾਦਵ ਅਜਿਹਾ ਕਦੇ ਨਹੀਂ ਕਰ ਸਕਦੇ। ਬਿੱਟੂ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਬਿੱਟੂ ਆਪਣਾ ਰਾਜਨੀਤਕ ਫਾਇਦਾ ਲੈਣਾ ਚਾਹੁੰਦੇ ਹਨ।


ਕਿਸਾਨ ਅੰਦੋਲਨ ਨੂੰ ਲੈ ਕੇ ਰਵਨੀਤ ਬਿੱਟੂ ਦਾ ਵੱਡਾ ਦਾਅਵਾ, ਯੋਗੇਂਦਰ ਯਾਦਵ ਨੂੰ ਦੱਸਿਆ ਦਿੱਲੀ ਹਿੰਸਾ ਦਾ ਜ਼ਿੰਮੇਵਾਰ


ਜਗਮੋਹਨ ਸਿੰਘ ਨੇ ਇਹ ਵੀ ਕਿਹਾ ਕਿ ਕੱਲ੍ਹ ਨੂੰ ਬਿੱਟੂ ਹੋਰ ਲੀਡਰਾਂ ਬਾਰੇ ਵੀ ਬੋਲਣਗੇ। ਯਾਦਵ ਦੀ ਸੋਚ ਵਿੱਚ ਹਿੰਸਾ ਦਾ ਤਰੀਕਾ ਹੀ ਨਹੀਂ ਹੈ। ਇਸ ਲਈ ਬਿੱਟੂ ਨੂੰ ਬੇਬੁਨਿਆਦ ਇਲਜ਼ਾਮ ਨਹੀਂ ਲਾਉਣੇ ਚਾਹੀਦੇ। ਇਹ ਕਿਸਾਨਾਂ ਤੇ ਕਿਸਾਨ ਅੰਦੋਲਨ ਲਈ ਮਾੜੀ ਗੱਲ ਹੈ।


 


ਦੱਸ ਦਈਏ ਕਿ ਲੋਕ ਸਭਾ ਵਿੱਚ ਕਾਂਗਰਸ ਦੇ ਐਮਪੀ ਰਵਨੀਤ ਸਿੰਘ ਬਿੱਟੂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕੁਝ ਵੱਡੇ ਦਾਅਵੇ ਕੀਤੇ ਸੀ। ਬਿੱਟੂ ਨੇ ਕਿਹਾ ਸੀ, "ਯੋਗੇਂਦਰ ਯਾਦਵ 26 ਜਨਵਰੀ ਨੂੰ ਹਿੰਸਾ ਦਾ ਕਾਰਨ ਬਣੇ ਕਿਸਾਨਾਂ ਨੂੰ ਭੜਕਾਉਣ ਲਈ ਜ਼ਿੰਮੇਵਾਰ ਹਨ।"
 
ਬਿੱਟੂ ਨੇ ਸਰਕਾਰ ਨੂੰ ਕਿਹਾ ਸੀ, “ਜੇ ਤੁਸੀਂ ਯੋਗੇਂਦਰ ਯਾਦਵ ਨੂੰ ਫੜਦੇ ਹੋ ਤਾਂ ਤੁਸੀਂ ਸਿੱਧੇ ਤੌਰ 'ਤੇ ਕਿਸਾਨਾਂ ਨਾਲ ਗੱਲ ਕਰ ਸਕੋਗੇ। ਇਹ ਉਹ ਹੈ ਜੋ ਪਹਿਲਾਂ ਹੀ ਖੇਤੀ ਸੁਧਾਰਾਂ ਬਾਰੇ ਗੱਲ ਕਰਦਾ ਸੀ। ਕੋਈ ਵੀ ਕਿਸਾਨ ਦੇਸ਼ ਦੇ ਵਿਰੁੱਧ ਨਹੀਂ। ਪੰਜਾਬ ਦੇ ਲੋਕ ਤਿਰੰਗੇ ਦੀ ਇੱਜ਼ਤ ਨੂੰ ਨੁਕਸਾਨ ਪਹੁੰਚਾਉਣ ਲਈ ਕਦੇ ਕੁਝ ਨਹੀਂ ਕਰ ਸਕਦੇ।” ਬਿੱਟੂ ਨੇ ਦਾਅਵਾ ਕੀਤਾ ਕਿ "ਇਹ ਉਹ ਲੋਕ ਹਨ ਜਿਨ੍ਹਾਂ ਨੂੰ ਖਾਲਿਸਤਾਨੀ ਫੰਡਿੰਗ ਹੁੰਦੀ ਹੈ।"


 


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ