ਗਗਨਦੀਪ ਸ਼ਰਮਾ
ਸਿੰਘੂ ਬਾਰਡਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਿੰਘੂ ਬਾਰਡਰ 'ਤੇ ਜਾਰੀ ਧਰਨੇ ਦੇ ਚਾਰੇ ਪਾਸਿਓਂ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ। ਕਿਸਾਨਾਂ ਵੱਲੋਂ ਦਿੱਤੇ ਅਲਟੀਮੇਟਮ ਮਗਰੋਂ ਪੁਲਿਸ ਵੱਲੋਂ ਨਰਮੀ ਵਰਤਦਿਆਂ ਬੈਰੀਕੇਡਿੰਗ ਹਟਾਉਣ ਦਾ ਭਰੋਸਾ ਦਿੱਤਾ ਹੈ। ਇਸ ਦਰਮਿਆਨ 'ਏਬੀਪੀ ਸਾਂਝਾ' ਦੀ ਟੀਮ ਵੱਲੋਂ ਸਿੰਘੂ ਮੋਰਚੇ 'ਤੇ ਦੇ ਚਾਰੋਂ ਪਾਸੇ ਦੌਰਾ ਕਰਕੇ ਦੇਖਿਆ ਤੇ ਜਾਣਿਆ ਕਿ ਅਸਲ ਹਕੀਕਤ ਕੀ ਹੈ।
ਸਿੰਘੂ ਮੋਰਚੇ 'ਤੇ ਵਾਪਰੀਆਂ ਹਿੰਸਕ ਝੜਪਾਂ ਦੀਆਂ ਵਾਰਦਾਤਾਂ ਤੋਂ ਬਾਅਦ ਪੁਲਿਸ ਵੱਲੋਂ ਚਾਰੋਂ ਪਾਸੇ ਬੈਰੀਕੇਡਿੰਗ ਇਸ ਕਦਰ ਕੀਤੀ ਹੋਈ ਹੈ ਕਿ ਕਿਸੇ ਨੂੰ ਕਿਸਾਨਾਂ ਵਾਲੇ ਪਾਸੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਸਿਰਫ ਨਰੇਲਾ ਸੜਕ ਵਾਲੇ ਪਾਸੇ ਜਿੱਥੇ ਕਿਸਾਨਾਂ ਦੀਆਂ ਟਰਾਲੀਆਂ ਲਾਈਆਂ ਗਈਆਂ ਹਨ, ਉਸ ਸੜਕ ਨੂੰ ਕੁਝ ਕਿਲੋਮੀਟਰ ਤਕ ਖੁੱਲ੍ਹਾ ਰੱਖਿਆ ਗਿਆ ਹੈ। ਅਗਲੇ ਪਾਸੇ ਉੱਥੇ ਵੀ ਪੁਲਸ ਵੱਲੋਂ ਨਾਕੇਬੰਦੀ ਕੀਤੀ ਗਈ ਹੈ। ਸਥਾਨਕ ਲੋਕ ਸਿਰਫ ਗੰਦੇ ਨਾਲੇ ਨੇੜਿਓਂ ਬਹੁਤ ਔਖੇ ਰਸਤਿਓਂ ਤੋਂ ਨਿਕਲਣ ਦੀ ਕੋਸ਼ਿਸ਼ ਕਰਦੇ ਸਨ ਤੇ ਉਸ ਥਾਂ 'ਤੇ ਵੀ ਪੁਲਿਸ ਤਾਇਨਾਤ ਕਰ ਦਿੱਤੀ ਹੈ।
ਕਿਸਾਨ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ, ਰਣਜੀਤ ਸਿੰਘ ਕਲੇਰ ਬਾਲਾ ਤੇ ਡਾ. ਹਰਦੀਪ ਸਿੰਘ ਨੇ ਦੋਸ਼ ਲਾਇਆ ਕਿ ਕਿਸਾਨਾਂ ਦੇ ਮੋਰਚੇ ਨੂੰ ਓਪਨ ਜੇਲ੍ਹ 'ਚ ਤਬਦੀਲ ਕਰਨ ਦਿੱਤਾ ਗਿਆ ਹੈ ਪਰ ਇਸ ਦਾ ਸਾਡੇ ਤੇ ਕੋਈ ਅਸਰ ਨਹੀਂ। ਸਾਡਾ ਧਿਆਨ ਸਿਰਫ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਪਾਸੇ ਹੈ। ਸਰਕਾਰ ਬੈਰੀਕੇਡਿੰਗ ਕਰਨ ਦੀ ਬਜਾਏ ਖੇਤੀ ਕਾਨੂੰਨ ਰੱਦ ਕਰੇ। ਬੈਰੀਕੇਡਿੰਗ ਨੂੰ ਹਟਾਉਣ ਲਈ ਅਸੀਂ ਲੀਗਲ ਰਸਤਾ ਅਖਤਿਆਰ ਕਰ ਰਹੇ ਹਾਂ। ਜਦੋਂ ਆਗੂ ਐਲਾਨ ਕਰਨਗੇ ਜਾਂ ਹੁਕਮ ਕਰਨਗੇ ਫਿਰ ਰੋਕਾਂ ਸਾਨੂੰ ਰੋਕ ਨਹੀਂ ਸਕਦੀਆਂ।