ਚੰਡੀਗੜ੍ਹ-ਪੰਜਾਬ ਵਿੱਚ ਡੇਂਗੂ ਨੇ ਹਾਹਾਕਾਰ ਮਚਾ ਦਿੱਤੀ ਹੈ। ਤਾਜਾ ਅੰਕੜਿਆਂ ਨੇ ਸਿਹਤ ਮਹਿਕਮੇ ਦੇ ਹੋਸ਼ ਉਡਾ ਦਿੱਤੇ ਹਨ। ਇਸ ਸਾਲ ਡੇਂਗੂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਭਾਵੇਂ ਕਿ ਅਣਅਧਿਕਾਰਤ ਤੌਰ ’ਤੇ ਅੰਕੜੇ ਕਿਤੇ ਜ਼ਿਆਦਾ ਹਨ, ਪਰ ਜੇਕਰ ਸਰਕਾਰੀ ਅੰਕੜਿਆਂ ’ਤੇ ਝਾਤ ਮਾਰੀਏ ਤਾਂ ਇਸ ਵੇਲੇ ਪੰਜਾਬ ਭਰ ਵਿੱਚ 20 ਹਜ਼ਾਰ ਤੋਂ ਵੱਧ ਡੇਂਗੂ ਦੇ ਕੇਸ ਸਾਹਮਣੇ ਆਏ ਹਨ ਤੇ 70 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ।


 


ਇਸ ਸਾਲ ਜ਼ਿਲ੍ਹਾ ਮੁਹਾਲੀ ਵਿੱਚ ਡੇਂਗੂ ਦੇ ਤਿੰਨ ਹਜ਼ਾਰ ਕੇਸ ਮਿਲੇ ਹਨ ਤੇ 36 ਵਿਅਕਤੀਆਂ ਦੀ ਮੌਤ ਹੋਈ ਹੈ। ਦੂਜੇ ਨੰਬਰ ’ਤੇ ਬਠਿੰਡਾ ਹੈ, ਜਿਥੇ 2,200 ਕੇਸ ਸਾਹਮਣੇ ਆਏ ਤੇ ਪੰਜ ਵਿਅਕਤੀਆਂ ਨੇ ਦਮ ਤੋੜ ਦਿੱਤਾ। ਉਧਰ, ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਪੱਬਾਂ ਭਾਰ ਹੈ। ਅਧਿਕਾਰੀਆਂ ਅਨੁਸਾਰ ਹੁਣ ਤੱਕ ਪੰਜਾਬ ਵਿਚ 16.50 ਲੱਖ ਘਰਾਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ।


 


 


ਮੱਛਰ ਤੋਂ ਰਹੋ ਸਾਵਧਾਨ


ਦੱਸ ਦਈਏ ਕਿ ਮੱਛਰ ਦੇ ਕੱਟਣ ਨਾਲ ਡੇਂਗੂ ਵਰਗੀਆਂ ਬੀਮਾਰੀਆਂ ਹੁੰਦੀਆਂ ਹਨ। ਅੱਜਕੱਲ੍ਹ ਕੋਇਲ ਤੇ ਹੋਰ ਮੱਛਰ ਭਜਾਉਣ ਵਾਲੇ ਤਰਲ ਰੀਫਿਲ ਵੀ ਮੱਛਰਾਂ 'ਤੇ ਕੰਮ ਨਹੀਂ ਕਰਦੇ। ਇਨ੍ਹਾਂ ਤਰੀਕਿਆਂ ਨਾਲ ਕੁਝ ਸਮੇਂ ਲਈ ਹੀ ਰਾਹਤ ਮਿਲਦੀ ਹੈ, ਜਿਵੇਂ ਹੀ ਇਨ੍ਹਾਂ ਦਾ ਅਸਰ ਘੱਟ ਹੁੰਦਾ ਹੈ ਤਾਂ ਮੱਛਰ ਕੱਟਣਾ ਸ਼ੁਰੂ ਕਰ ਦਿੰਦੇ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਮੱਛਰਾਂ ਨੂੰ ਭਜਾਉਣ ਲਈ ਪ੍ਰਭਾਵਸ਼ਾਲੀ ਘਰੇਲੂ ਉਪਾਅ ਅਪਣਾ ਸਕਦੇ ਹੋ। ਮੱਛਰਾਂ ਨੂੰ ਭਜਾਉਣ ਲਈ ਕਈ ਅਜਿਹੀਆਂ ਕੁਦਰਤੀ ਚੀਜ਼ਾਂ ਹਨ ਜੋ ਤੁਹਾਨੂੰ ਆਰਾਮਦਾਇਕ ਨੀਂਦ ਦੇ ਸਕਦੀਆਂ ਹਨ। ਜਾਣੋ ਕੀ ਹਨ ਮੱਛਰਾਂ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਉਪਾਅ।


 


1- ਕਪੂਰ- ਜੇਕਰ ਰਾਤ ਨੂੰ ਮੱਛਰ ਤੁਹਾਨੂੰ ਪਰੇਸ਼ਾਨ ਕਰਦੇ ਹਨ ਅਤੇ ਤੁਸੀਂ ਕੋਇਲ ਜਾਂ ਹੋਰ ਕੈਮੀਕਲ ਚੀਜ਼ਾਂ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਕਪੂਰ ਦੀ ਵਰਤੋਂ ਕਰ ਸਕਦੇ ਹੋ। ਕਪੂਰ ਜਲਾਉਣ ਤੋਂ ਬਾਅਦ ਤੁਸੀਂ ਲਗਭਗ 15-20 ਮਿੰਟਾਂ ਲਈ ਕਮਰੇ ਨੂੰ ਛੱਡ ਦਿਓ। ਇਸ ਨਾਲ ਮੱਛਰ ਤੁਰੰਤ ਦੂਰ ਭੱਜ ਜਾਣਗੇ।





2- ਨਿੰਮ ਦਾ ਤੇਲ- ਨਿੰਮ ਦਾ ਤੇਲ ਮੱਛਰਾਂ ਨੂੰ ਭਜਾਉਣ ਲਈ ਵਰਤਿਆ ਜਾਂਦਾ ਹੈ। ਇਸ ਦੇ ਲਈ ਨਿੰਮ ਅਤੇ ਨਾਰੀਅਲ ਦੇ ਤੇਲ ਨੂੰ ਬਰਾਬਰ ਮਾਤਰਾ 'ਚ ਮਿਲਾ ਲਓ। ਹੁਣ ਇਸ ਤੇਲ ਨੂੰ ਆਪਣੇ ਸਰੀਰ 'ਤੇ ਚੰਗੀ ਤਰ੍ਹਾਂ ਲਗਾਓ। ਇਸ ਨਾਲ ਮੱਛਰ ਕਰੀਬ ਅੱਠ ਘੰਟੇ ਤੱਕ ਤੁਹਾਡੇ ਨੇੜੇ ਨਹੀਂ ਭਟਕਣਗੇ।





3- ਯੂਕਲਿਪਟਸ ਆਇਲ- ਜੇਕਰ ਮੱਛਰ ਤੁਹਾਨੂੰ ਦਿਨ 'ਚ ਵੀ ਕੱਟਦਾ ਹੈ ਤਾਂ ਤੁਸੀਂ ਯੂਕਲਿਪਟਸ ਆਇਲ ਦੀ ਵਰਤੋਂ ਕਰ ਸਕਦੇ ਹੋ। ਇਸ ਨੁਸਖੇ ਨੂੰ ਅਪਣਾਉਣ ਲਈ ਯੂਕਲਿਪਟਸ ਦੇ ਤੇਲ ਵਿਚ ਨਿੰਬੂ ਦੀ ਬਰਾਬਰ ਮਾਤਰਾ ਮਿਲਾਓ। ਹੁਣ ਇਸ ਤੇਲ ਨੂੰ ਸਰੀਰ 'ਤੇ ਲਗਾਓ। ਇਸਦੀ ਤੇਜ਼ ਗੰਧ ਕਾਰਨ ਮੱਛਰ ਤੁਹਾਡੇ ਆਲੇ-ਦੁਆਲੇ ਨਹੀਂ ਆਉਣਗੇ।





4- ਲਸਣ- ਮੱਛਰਾਂ ਨੂੰ ਘਰ 'ਚ ਦਾਖਲ ਹੋਣ ਤੋਂ ਰੋਕਣ ਲਈ ਲਸਣ ਦੀ ਵਰਤੋਂ ਕਰੋ। ਲਸਣ ਦੀ ਖੁਸ਼ਬੂ ਨਾਲ ਮੱਛਰ ਭੱਜ ਜਾਂਦੇ ਹਨ। ਇਸ ਦੇ ਲਈ ਲਸਣ ਨੂੰ ਪੀਸ ਕੇ ਪਾਣੀ 'ਚ ਪਾ ਕੇ ਉਬਾਲ ਲਓ। ਹੁਣ ਇਸ ਪਾਣੀ ਨੂੰ ਘਰ ਦੇ ਹਰ ਕੋਨੇ 'ਤੇ ਛਿੜਕ ਦਿਓ। ਇਸ ਨਾਲ ਮੱਛਰ ਬਾਹਰੋਂ ਘਰ ਦੇ ਅੰਦਰ ਨਹੀਂ ਆਉਣਗੇ।





5- ਲੈਵੇਂਡਰ- ਮੱਛਰਾਂ ਨੂੰ ਭਜਾਉਣ ਲਈ ਲੈਵੇਂਡਰ ਇਕ ਹੋਰ ਘਰੇਲੂ ਉਪਾਅ ਹੈ। ਇਸ ਦੀ ਖੁਸ਼ਬੂ ਬਹੁਤ ਤੇਜ਼ ਹੁੰਦੀ ਹੈ, ਜਿਸ ਨਾਲ ਮੱਛਰ ਆਲੇ-ਦੁਆਲੇ ਨਹੀਂ ਆਉਂਦੇ ਅਤੇ ਤੁਹਾਨੂੰ ਡੰਗ ਨਹੀਂ ਮਾਰਨਗੇ। ਤੁਸੀਂ ਘਰ ਵਿੱਚ ਲੈਵੇਂਡਰ ਰੂਮ ਫਰੈਸ਼ਨਰ ਵੀ ਪਾ ਸਕਦੇ ਹੋ।