ਸਮਾਣਾ: ਪੰਜਾਬ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜੇ ਆਮ ਹੀ ਦੇਖੇ ਜਾਂਦੇ ਹਨ ਤੇ ਬਹੁਤੀ ਵਾਰ ਅਜਿਹਾ ਦੇਖਿਆ ਗਿਆ ਹੈ ਕਿ ਇਸ ਝਗੜੇ ਦਾ ਸਿੱਟਾ ਕਿਸੇ ਨਾ ਕਿਸੇ ਦੀ ਮੌਤ ਨਾਲ ਨਿਕਲਦਾ ਹੈ। ਇੱਕ ਵਾਰ ਫਿਰ ਅਜਿਹਾ ਹੋਇਆ ਹੈ। ਸਮਾਣਾ ਵਿੱਚ ਇੱਕ ਪਿਉ-ਪੁੱਤ ਜ਼ਮੀਨੀ ਝਗੜੇ ਦੀ ਭੇਟ ਚੜ੍ਹ ਗਏ। ਦਿਨ-ਦਿਹਾੜੇ ਸਾਬਕਾ ਏਐਸਆਈ ਤੇ ਉਸ ਦੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।


ਘਟਨਾ ਸਥਾਨ ’ਤੇ ਤਫ਼ਤੀਸ਼ ਕਰ ਰਹੀ ਪੁਲਿਸ ਦੀਆਂ ਅੱਖਾਂ ਸਾਹਮਣਿਓਂ ਮੁਲਜ਼ਮ ਗੱਡੀ 'ਚ ਫ਼ਰਾਰ ਹੋ ਗਿਆ। ਪੁਲਿਸ ਨੇ ਕੁਝ ਸਮੇਂ 'ਚ ਹੀ ਉਸ ਦਾ ਪਿੱਛਾ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਹੱਤਿਆ ਦਾ ਕਾਰਨ ਜ਼ਮੀਨੀ ਝਗੜਾ ਦੱਸਿਆ ਜਾ ਰਿਹਾ ਹੈ। ਪੀੜਤਾਂ ਦੀ ਪਛਾਣ ਸਾਬਕਾ ਪੁਲੀਸ ਮੁਲਾਜ਼ਮ ਬ੍ਰਹਮ ਪ੍ਰਕਾਸ਼ (68) ਤੇ ਉਸ ਦੇ ਪੁੱਤਰ ਸੰਨੀ (22) ਵਜੋਂ ਹੋਈ ਹੈ।


ਸਾਬਕਾ ਏਐਸਆਈ ਦੀ ਪਤਨੀ ਰਾਜ ਕੌਰ ਨੇ ਦੱਸਿਆ ਕਿ ਬ੍ਰਹਮ ਪ੍ਰਕਾਸ਼ ਦੁਪਹਿਰ ਦਾ ਖਾਣਾ ਖਾ ਕੇ ਪੱਠੇ ਵੱਢਣ ਲਈ ਘਰੋਂ ਨਿਕਲਿਆ ਹੀ ਸੀ ਕਿ ਰੌਲਾ ਪੈ ਗਿਆ ਕਿ ਮੁਹੱਲੇ ਦੇ ਹੀ ਪੀਟਰ ਮਾਨ ਨੇ ਬ੍ਰਹਮ ਪ੍ਰਕਾਸ਼ ਨੂੰ ਗੋਲੀ ਮਾਰ ਦਿੱਤੀ ਹੈ। ਇੰਨਾ ਸੁਣ ਕੇ ਉਸ ਦਾ ਪੁੱਤਰ ਸੰਨੀ ਆਪਣੇ ਪਿਤਾ ਦੇ ਬਚਾਅ ਲਈ ਭੱਜਿਆ, ਪਰ ਦੋਸ਼ੀ ਨੇ ਉਸ ਉੱਪਰ ਵੀ ਗੋਲੀ ਚਲਾ ਦਿੱਤੀ। ਉਨ੍ਹਾਂ ਨੂੰ ਫੌਰੀ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਦੋਵਾਂ ਦੀ ਮੌਤ ਹੋ ਗਈ।