Jammu Kashmir Bus Accident: ਅੱਜ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਜੰਮੂ ਤੋਂ ਪੁਣਛ ਜਾ ਰਹੀ ਯਾਤਰੀ ਬੱਸ ਬੇਕਾਬੂ ਹੋ ਕੇ ਰਾਜੌਰੀ ਨੇੜੇ ਡੂੰਘੀ ਖੱਡ 'ਚ ਡਿੱਗ ਗਈ, ਜਿਸ ਕਾਰਨ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ 'ਚ 25 ਤੋਂ ਵੱਧ ਲੋਕ ਗੰਭੀਰ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਦਾ ਸਥਾਨਕ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।


ਫ਼ੌਜ ਤੇ ਪੁਲਿਸ ਵੱਲੋਂ ਬਚਾਅ ਕਾਰਜ ਜਾਰੀ


ਇਸ ਦਰਦਨਾਕ ਹਾਦਸੇ ਦੀ ਸੂਚਨਾ ਮਿਲਦੇ ਹੀ ਫ਼ੌਜ, ਪੁਲਿਸ ਅਤੇ ਸਥਾਨਕ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਜ਼ਖ਼ਮੀਆਂ ਨੂੰ ਖੱਡ 'ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਸਰਕਾਰ ਵੱਲੋਂ ਬਚਾਅ ਮੁਹਿੰਮ ਵੀ ਚਲਾਈ ਜਾ ਰਹੀ ਹੈ। ਹੁਣ ਤੱਕ ਮੌਕੇ ਤੋਂ 5 ਲਾਸ਼ਾਂ ਬਰਾਮਦ ਹੋਈਆਂ ਹਨ, ਜਿਸ ਤੋਂ ਬਾਅਦ ਪੁਲਿਸ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਨਜ਼ਦੀਕੀ ਹਸਪਤਾਲ ਭੇਜ ਦਿੱਤਾ ਗਿਆ ਹੈ।






 


ਉਪ ਰਾਜਪਾਲ ਵੱਲੋਂ ਦੁੱਖ ਪ੍ਰਗਟ ਕੀਤਾ


ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਇਸ ਦਰਦਨਾਕ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜੌਰੀ ਵਿੱਚ ਵਾਪਰੇ ਦਰਦਨਾਕ ਹਾਦਸੇ ਵਿੱਚ ਲੋਕਾਂ ਦੀ ਮੌਤ ਦਾ ਮੈਨੂੰ ਦੁੱਖ ਹੈ। ਇਸ ਦੁੱਖ ਦੀ ਘੜੀ ਵਿੱਚ ਮੇਰੇ ਵਿਚਾਰ ਦੁਖੀ ਪਰਿਵਾਰਾਂ ਦੇ ਨਾਲ ਹਨ। ਪ੍ਰਮਾਤਮਾ ਜ਼ਖ਼ਮੀਆਂ ਨੂੰ ਜਲਦੀ ਤੋਂ ਜਲਦੀ ਠੀਕ ਕਰੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: ਰਾਘਵ ਚੱਢਾ ਨੂੰ ਗੁਜਰਾਤ ਵਿੱਚ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ !


24 ਘੰਟੇ ਪਹਿਲਾਂ ਵੀ ਹੋਇਆ ਸੀ ਅਜਿਹਾ ਹੀ ਹਾਦਸਾ


ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪੁਣਛ ਵਿੱਚ ਵੀ ਇੱਕ ਵੱਡਾ ਸੜਕ ਹਾਦਸਾ ਹੋਇਆ ਸੀ। ਪੁਣਛ ਦੀ ਮੰਡੀ ਤਹਿਸੀਲ ਦੀ ਸਰਹੱਦ ਨਾਲ ਲੱਗਦੇ ਸਾਵਜੀਆਂ ਦੇ ਬੁਰਾੜੀ ਨਾਲਾ ਖੇਤਰ 'ਚ ਤੇਜ਼ ਰਫਤਾਰ ਓਵਰਲੋਡ ਮਿੰਨੀ ਬੱਸ ਦੇ 250 ਫੁੱਟ ਖੱਡ 'ਚ ਡਿੱਗਣ ਕਾਰਨ 12 ਯਾਤਰੀਆਂ ਦੀ ਮੌਤ ਹੋ ਗਈ ਅਤੇ 28 ਜ਼ਖਮੀ ਹੋ ਗਏ। ਮਰਨ ਵਾਲਿਆਂ ਵਿੱਚ ਤਿੰਨ ਸਕੂਲੀ ਵਿਦਿਆਰਥੀ ਅਤੇ ਚਾਰ ਔਰਤਾਂ ਸ਼ਾਮਲ ਹਨ। ਇਸ ਹਾਦਸੇ ਵਿੱਚ 10 ਸਕੂਲੀ ਵਿਦਿਆਰਥੀ ਵੀ ਜ਼ਖ਼ਮੀ ਹੋ ਗਏ। ਛੇ ਗੰਭੀਰ ਜ਼ਖ਼ਮੀਆਂ ਨੂੰ ਇਲਾਜ ਲਈ ਏਅਰਲਿਫਟ ਕਰਕੇ ਜੰਮੂ ਦੇ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।