ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੂਗੋਲਿਕ ਤੌਰ ‘ਤੇ ਜੁੜੇ ਖੇਤਰਾਂ ਨਾਲ ਕੋਰੋਨਾਵਾਇਰਸ (COVID-19) ਨਾਲ ਪ੍ਰਭਾਵਿਤ ਖੇਤਰਾਂ ਨੂੰ ਹੌਟਸਪੌਟ (Hotspot)  ਵਜੋਂ ਪਛਾਣਨ ਲਈ ਕਿਹਾ ਹੈ। ਇਨ੍ਹਾਂ ਖੇਤਰਾਂ ‘ਚ ਜਾਂਚ ਨੂੰ ਤੇਜ਼ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪਾਰਟੀ ਨੇ ਆਰਥਿਕ ਗਤੀਵਿਧੀਆਂ ਸ਼ੁਰੂ ਕਰਨ ਲਈ ਲੋੜੀਂਦੀ ਸਾਵਧਾਨੀ ਵਰਤ ਕੇ ਹੌਲੀ-ਹੌਲੀ ਹੋਰ ਖੇਤਰ ਖੋਲ੍ਹਣ ਲਈ ਵੀ ਕਿਹਾ ਹੈ।


ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੋਵਿਡ-19 ਪ੍ਰਭਾਵਿਤ ਖੇਤਰਾਂ ਦੀ ਜ਼ਿਲ੍ਹਾਵਾਰ ਨਹੀਂ ਬਲਕਿ ਭੂਗੋਲਿਕ ਤੌਰ ‘ਤੇ ਪਛਾਣ ਕੀਤੀ ਜਾਣੀ ਚਾਹੀਦੀ ਹੈ। ਇਹ ਅਹਿਮ ਹੈ ਕਿਉਂਕਿ ਕੁਝ ਜ਼ਿਲ੍ਹੇ ਬਹੁਤ ਵੱਡੇ ਹਨ, ਇਸ ਲਈ ਪੂਰੇ ਜ਼ਿਲ੍ਹੇ ਨੂੰ ਬੰਦ ਕਰਨ ਦਾ ਕੋਈ ਮਤਲਬ ਨਹੀਂ ਬਣਦਾ। ਸਿਰਫ ਕੋਵਿਡ-19 ਪ੍ਰਭਾਵਿਤ ਖੇਤਰਾਂ ਦੀ ਪਛਾਣ ਉਨ੍ਹਾਂ ਨੂੰ ਸੀਲ ਕਰਨਾ ਚਾਹੀਦਾ ਹੈ।

ਚੀਮਾ ਨੇ ਕਿਹਾ ਕਿ ਅਜਿਹੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਕੋਵਿਡ-19 ਦੇ ਸਕਾਰਾਤਮਕ ਮਰੀਜ਼ਾਂ ‘ਚ ਕੋਈ ਲੱਛਣ ਨਹੀਂ ਆ ਰਹੇ ਹਨ। ਇਹੀ ਕਾਰਨ ਹੈ ਕਿ ਕੋਵਿਡ ਹੌਟਸਪੌਟ ‘ਚ ਬਹੁਤ ਵੱਡੇ ਪੈਮਾਨੇ ‘ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਲਈ ਵਧੇਰੇ ਟੈਸਟਿੰਗ ਕਿੱਟਾਂ ਦੀ ਲੋੜ ਹੈ। ਡਾਕਟਰੀ ਸਹੂਲਤਾਂ ਨੂੰ ਵਧਾਉਣ ਤੇ ਸਾਰੇ ਸਿਹਤ ਕਰਮਚਾਰੀਆਂ ਲਈ ਸੁਰੱਖਿਆ ਦੇ ਠੋਸ ਪ੍ਰਬੰਧ ਕਰਨ ਦੀ ਵੀ ਜ਼ਰੂਰਤ ਹੈ।

ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਹਾਲਤ ਬਹੁਤ ਖਰਾਬ ਹੈ। ਜੇਕਰ ਉਨ੍ਹਾਂ ਨੂੰ ਜਲਦੀ ਕੋਈ ਕੰਮ ਨਾ ਮਿਲਿਆ ਤਾਂ ਉਹ ਸੂਬਾ ਛੱਡ ਜਾਣਗੇ। ਉਨ੍ਹਾਂ ਨੂੰ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਦੌਰਾਨ ਚੀਮਾ ਨੇ ਐਮਰਜੈਂਸੀ ਡਿਊਟੀ ਨਿਭਾ ਰਹੇ ਪੁਲਿਸ ਕਰਮਚਾਰੀਆਂ, ਡਾਕਟਰਾਂ, ਪੈਰਾ ਮੈਡੀਕਲ ਸਟਾਫ ਅਤੇ ਹੋਰ ਕਰਮਚਾਰੀਆਂ ਦੀ ਵੀ ਸ਼ਲਾਘਾ ਕੀਤੀ।