ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ 'ਚ ਅੱਜ ਕਈ ਅਹਿਮ ਫੈਸਲੇ ਲਏ ਗਏ। ਇਸ ਦੇ ਨਾਲ ਹੀ ਇਸ ਬੈਠਕ 'ਚ ਕਈ ਹੋਰ ਗੰਭੀਰ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ ਤੇ ਕਰੜਾ ਰੁਖ ਇਖ਼ਤਿਆਰ ਕਰਨ ਦੀ ਗੱਲ ਕੀਤੀ ਗਈ। ਬੈਠਕ 'ਚ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਤਾਬਦੀ ਸਮਾਗਮ ਬਾਰੇ ਗੱਲ ਕੀਤੀ ਗਈ। ਇਹ ਸਮਾਗਮ ਅਪ੍ਰੈਲ 'ਚ ਸ਼ੁਰੂ ਹੋਵੇਗਾ ਜਿਸ ਨੂੰ ਐਸਜੀਪੀਸੀ ਤੇ ਅਕਾਲੀ ਦਲ ਵੱਡੇ ਪੱਧਰ 'ਤੇ ਮਨਾਵੇਗਾ।


ਅਕਾਲੀ ਦਲ ਦੀ ਕੋਰ ਕਮੇਟੀ 'ਚ ਚਰਚਾ ਕੀਤੀ ਗਈ ਹੈ ਕਿ ਹਾਲ ਹੀ 'ਚ ਜਿਹੜੇ ਅਕਾਲੀ ਨੇਤਾ ਤੇ ਸਾਬਕਾ ਸਰਪੰਚ ਗੁਰਦੀਪ ਸਿੰਘ ਦਾ ਕਤਲ ਹੋਇਆ ਹੈ, ਉਸ ਦੇ ਕਾਤਲ ਵੀ ਸੱਤ ਦਿਨ ਦੇ ਅੰਦਰ ਫੜੇ ਜਾਣੇ ਚਾਹੀਦੇ ਹਨ ਨਹੀਂ ਤਾਂ ਅਕਾਲੀ ਦਲ ਸੜਕਾਂ 'ਤੇ ਉੱਤਰੇਗਾ। ਇਸ ਦੇ ਨਾਲ ਹੀ ਬੈਠਕ 'ਚ ਦਲਬੀਰ ਸਿੰਘ ਦੇ ਕਾਤਲਾਂ ਨੂੰ ਵੀ ਜਲਦੀ ਫੜਨ ਦੀ ਗੱਲ ਕਹੀ ਗਈ।

ਇਸ ਦੇ ਨਾਲ ਹੀ ਚੀਮਾ ਨੇ ਸੁਖਜਿੰਦਰ ਰੰਧਾਵਾ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ 'ਤੇ ਕੀਤੀ ਟਿੱਪਣੀ ਦੀ ਨਿੰਦਾ ਕਰਦਿਆਂ ਕਿਹਾ ਕਿ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਕੋਰ ਕਮੇਟੀ 'ਚ ਚੀਮਾ ਨੇ ਸੂਬੇ ਤੋਂ ਬਾਹਰ ਸਿੱਖਾਂ ਨਾਲ ਹੋ ਰਹੇ ਵਤੀਰੇ 'ਤੇ ਵੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇੱਕ ਪਾਸੇ ਮੱਧ ਪ੍ਰਦੇਸ਼ 'ਚ ਕਮਲਨਾਥ ਸਰਕਾਰ ਨੇ ਸਿੱਖਾਂ ਦੇ ਘਰ ਉਜਾੜ ਦਿੱਤੇ ਤੇ ਦੂਜੇ ਪਾਸੇ ਯੂਪੀ 'ਚ ਸਿੱਖਾਂ ਵੱਲੋਂ ਕੱਢੇ ਜਾ ਰਹੇ ਨਗਰ ਕੀਰਤਨ ਕਰਕੇ ਸਿੱਖਾਂ 'ਤੇ ਕੇਸ ਦਰਜ ਕੀਤਾ ਗਿਆ। ਉਨ੍ਹਾਂ ਨੇ ਇਨ੍ਹਾਂ ਸਭ ਮੁੱਦਿਆਂ ਨੂੰ ਕੇਂਦਰ ਸਰਕਾਰ ਕੋਲ ਚੁੱਕਣ ਦੀ ਗੱਲ ਵੀ ਕੀਤੀ।

ਇਸ ਤੋਂ ਇਲਾਵਾ ਦਲਜੀਤ ਚੀਮਾ ਸੂਬਾ ਸਰਕਾਰ 'ਤੇ ਤਨਜ਼ ਕਰਨਾ ਨਹੀਂ ਭੁੱਲੇ। ਉਨ੍ਹਾਂ ਨੇ ਕੈਪਟਨ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ 'ਚ ਅਮਨ ਸ਼ਾਂਤੀ ਦੀ ਸਥਿਤੀ ਵਿਗੜ ਰਹੀ ਹੈ, ਬਿਜਲੀ ਬਿੱਲ ਮਹਿੰਗੇ ਹੋ ਰਹੇ ਹਨ ਤੇ ਕਾਂਗਰਸ ਸਰਕਾਰ ਨੇ ਤਿੰਨ ਸਾਲਾ 'ਚ ਜਨਤਾ ਨੂੰ ਕੀਤੇ ਵਾਅਦਿਆਂ ਤੋਂ ਕਿਨਾਰਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਲਈ 2 ਫਰਵਰੀ ਨੂੰ ਸੰਗਰੂਰ 'ਚ ਤੇ ਹੋਰ ਕਈ ਜ਼ਿਲ੍ਹਿਆਂ 'ਚ ਸਰਕਾਰ ਖਿਲਾਫ ਪ੍ਰਦਰਸ਼ਨ ਕੀਤੇ ਜਾਣਗੇ।