ਸੰਯੁਕਤ ਰਾਸ਼ਟਰ: ਨਵੇਂ ਸਾਲ ਮੌਕੇ ਦੁਨੀਆਂ ਭਰ ’ਚ ਚਾਰ ਲੱਖ ਬੱਚਿਆਂ ਨੇ ਜਨਮ ਲਿਆ ਤੇ ਸਭ ਤੋਂ ਵੱਧ 67,385 ਬੱਚੇ ਭਾਰਤ ਵਿੱਚ ਪੈਦਾ ਹੋਏ ਹਨ। ਯੂਨੀਸੈਫ ਅਨੁਸਾਰ ਨਵੇਂ ਸਾਲ ਮੌਕੇ ਵਿਸ਼ਵ ਭਰ ’ਚ 3,92,078 ਬੱਚਿਆਂ ਨੇ ਜਨਮ ਲਿਆ ਤੇ ਇਨ੍ਹਾਂ ’ਚੋਂ ਕਰੀਬ 67,385 ਬੱਚੇ ਭਾਰਤ ’ਚ ਪੈਦਾ ਹੋਏ ਹਨ। ਇਸ ਤੋਂ ਬਾਅਦ ਦੂਜਾ ਨੰਬਰ ਚੀਨ ਦਾ ਹੈ ਜਿੱਥੇ ਨਵੇਂ ਸਾਲ ਮੌਕੇ 46,299 ਬੱਚੇ ਪੈਦਾ ਹੋਏ ਹਨ।

2020 ’ਚ ਸਭ ਤੋਂ ਪਹਿਲੇ ਬੱਚੇ ਦਾ ਜਨਮ ਫਿਜ਼ੀ ’ਚ ਹੋਇਆ ਹੈ ਜਦਕਿ ਸਭ ਤੋਂ ਆਖਰੀ ਨੰਬਰ ਅਮਰੀਕਾ ਦਾ ਰਿਹਾ। ਇਸ ਸੂਚੀ ’ਚ ਭਾਰਤ (67,385), ਚੀਨ (46,299), ਨਾਇਜੀਰੀਆ (26,039), ਪਾਕਿਸਤਾਨ (16,787), ਇੰਡੋਨੇਸ਼ੀਆ (13,020), ਅਮਰੀਕਾ (10,452), ਗਣਰਾਜ ਕਾਂਗੋ (10,247) ਤੇ ਇਥੋਪੀਆ (8,493) ਮੁਲਕ ਸ਼ਾਮਲ ਹਨ।

ਯੂਨੀਸੈਫ ਹਰ ਸਾਲ ਜਨਵਰੀ ਮਹੀਨੇ ਦੁਨੀਆਂ ਭਰ ’ਚ ਨਵੇਂ ਸਾਲ ਮੌਕੇ ਜਨਮ ਲੈਣ ਵਾਲੇ ਬੱਚਿਆਂ ਦਾ ਜਸ਼ਨ ਮਨਾਉਂਦਾ ਹੈ। ਅਜਿਹਾ ਅਨੁਮਾਨ ਹੈ ਕਿ ਸਾਲ 2027 ਤੱਕ ਭਾਰਤ ਆਬਾਦੀ ਦੇ ਮਾਮਲੇ ’ਚ ਚੀਨ ਨੂੰ ਪਛਾੜ ਦੇਵੇਗਾ। ਸੰਯੁਕਤ ਰਾਸ਼ਟਰ ਦੇ ਅਨੁਮਾਨ ਅਨੁਸਾਰ 2019 ਤੋਂ 2050 ਵਿਚਾਲੇ ਭਾਰਤ ਦੀ ਆਬਾਦੀ 27.3 ਕਰੋੜ ਅਤੇ ਨਾਇਜੀਰੀਆ ਦੀ ਆਬਾਦੀ 20 ਕਰੋੜ ਵੱਧ ਜਾਵੇਗੀ।

ਅਜਿਹਾ ਹੋਣ ਨਾਲ ਇਨ੍ਹਾਂ ਦੋਵਾਂ ਮੁਲਕਾਂ ਦੀ ਕੁੱਲ ਆਬਾਦੀ 2050 ਦੁਨੀਆਂ ਦੀ ਆਬਾਦੀ ’ਚ ਵਾਧੇ ਦਾ 23 ਫੀਸਦ ਹੋਵੇਗੀ। 2019 ’ਚ ਚੀਨ ਦੀ ਆਬਾਦੀ 1.43 ਅਰਬ ਤੇ ਭਾਰਤ ਦੀ ਆਬਾਦੀ 1.37 ਅਰਬ ਰਹੀ।