ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਵਿਧਾਇਕਾਂ, ਸਾਬਕਾ ਵਿਧਾਇਕਾਂ ਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਚੰਡੀਗੜ੍ਹ 'ਚ ਬੈਠਕ ਕੀਤੀ। ਇਸ ਬੈਠਕ 'ਚ ਕਈ ਗੱਲਾਂ 'ਤੇ ਚਰਚਾ ਕੀਤੀ ਗਈ। ਇਸ ਦੀ ਜਾਣਕਾਰੀ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਮੀਡੀਆ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਬੈਠਕ 'ਚ ਪਾਰਟੀ ਦੇ ਢਾਂਚੇ ਨੂੰ ਜ਼ਿਲ੍ਹਾ ਪੱਧਰ ਤੇ ਸਰਕਲ ਪੱਧਰ 'ਤੇ ਬਣਾਉਣ ਲਈ ਫਰਵਰੀ 'ਚ ਕੰਮ ਕੀਤਾ ਜਾਵੇਗਾ।


ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸੂਬੇ 'ਚ ਸੂਬਾ ਸਰਕਾਰ ਖਿਲਾਫ ਪੂਰੇ ਸੂਬੇ 'ਚ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ 'ਚ ਸੱਤ ਜ਼ਿਲ੍ਹਿਆਂ 'ਚ ਰੈਲੀਆਂ ਹੋ ਚੁੱਕੀਆਂ ਹਨ ਤੇ 15 ਜ਼ਿਲ੍ਹਿਆਂ ਲਈ ਤਾਰੀਖ ਤੈਅ ਹੋਣੀ ਅਜੇ ਬਾਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਨ੍ਹਾਂ ਰੈਲੀਆਂ 'ਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੀ ਸ਼ਾਮਲ ਹੋਣਗੇ।

ਰੈਲੀਆਂ ਸਬੰਧੀ ਸਭ ਦੀਆਂ ਮੁਖ ਡਿਊਟੀਆਂ ਅੱਜ ਤੈਅ ਕੀਤੀਆਂ ਗਈਆਂ ਹਨ। ਇਸੇ ਦੌਰਾਨ ਢੀਂਡਸਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਢੀਂਡਸਾ ਖਿਲਾਫ ਜੋ ਵੀ ਫੈਸਲਾ ਲਿਆ ਗਿਆ ਹੈ, ਉਸ ਨੂੰ ਸਭ ਨੇ ਮੰਨ ਲਿਆ ਹੈ। ਦਿੱਲੀ ਚੋਣਾਂ 'ਤੇ ਗੱਲ ਕਰਦਿਆਂ ਚੀਮਾ ਨੇ ਕਿਹਾ ਕਿ ਸਾਡੀ ਉੱਥੇ ਦੀ ਇਕਾਈ ਕਾਫੀ ਮਜ਼ਬੂਤ ਹੈ ਤੇ ਚੋਣਾਂ ਦੀ ਸਾਰੀ ਪ੍ਰਕਿਰੀਆ ਨੂੰ ਇਕਾਈ ਵੇਖ ਰਹੀ ਹੈ। ਜਿੱਥੇ ਸੁਖਬੀਰ ਬਾਦਲ ਦੀ ਲੋੜ ਹੋਵੇਗੀ, ਉਹ ਉੱਥੇ ਜ਼ਰੂਰ ਜਾਣਗੇ।