ਮੁੰਬਈ: ਮਹਾਰਾਸ਼ਟਰ ’ਚ ਕੋਰੋਨਾਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਇੱਕ ਵਾਰ ਫਿਰ ਤੇਜ਼ੀ ਵੇਖੀ ਜਾ ਰਹੀ ਹੈ। ਸੂਬੇ ਦੇ ਕਈ ਸ਼ਹਿਰਾਂ ਵਿੱਚ ਵਧਦੇ ਕੋਰੋਨਾ ਮਾਮਲਿਆਂ ਨੂੰ ਵੇਖਦਿਆਂ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਪੁਣੇ ਦੇ ਮੇਅਰ ਨੇ ਸ਼ਹਿਰ ਵਿੱਚ ਕੋਰੋਨਾ ਦੀ ਲਾਗ ਦੇ ਮਾਮਲਿਆਂ ਵਿੱਚ ਵਾਧੇ ਨੂੰ ਵੇਖਦਿਆਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਸ਼ਹਿਰ ਵਿੱਚ 14 ਮਾਰਚ ਤੱਕ ਲਈ ਸਕੂਲ, ਕਾਲਜ ਤੇ ਨਿਜੀ ਕੋਚਿੰਗ ਸੈਂਟਰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰਾਤ ਦਾ ਕਰਫ਼ਿਊ ਵੀ 14 ਮਾਰਚ ਤੱਕ ਵਧਾਇਆ ਗਿਆ ਹੈ।

 

ਪੁਣੇ ਦੇ ਮੇਅਰ ਮੁਰਲੀਧਰ ਮੋਹੋਲ ਨੇ ਦੱਸਿਆ ਕਿ ਰਾਤੀਂ 11 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਕਿਸੇ ਵੀ ਹੋਰ ਗਤੀਵਿਧੀ ਦੀ ਇਜਾਜ਼ਤ ਨਹੀਂ ਹੋਵੇਗੀ।

 

ਮਹਾਰਾਸ਼ਟਰ ’ਚ ਕੱਲ੍ਹ ਲਗਾਤਾਰ ਚੌਥੇ ਦਿਨ ਕੋਰੋਨਾ ਦੇ 8,000 ਤੋਂ ਵੱਧ ਨਵੇਂ ਮਾਮਲੇ ਆਏ; ਜਿਸ ਨਾਲ ਰਾਜ ਵਿੱਚ ਇਸ ਵਾਇਰਸ ਦੀ ਲਾਗ ਦੇ ਹੁਣ ਤੱਕ ਕੁੱਲ ਮਾਮਲੇ 21 ਲੱਖ 46 ਹਜ਼ਾਰ 777 ਹੋ ਗਏ ਹਨ। ਸੂਬੇ ਵਿੱਚ ਲਾਗ ਦੇ 8,623 ਨਵੇਂ ਮਾਮਲੇ ਸਾਹਮਣੇ ਆਏ ਤੇ 51 ਮੌਤਾਂ ਹੋਈਆਂ। ਮਹਾਮਾਰੀ ਕਾਰਣ ਰਾਜ ਵਿੱਚ ਮੌਤ ਦਾ ਅੰਕੜਾ 52,092 ਤੱਕ ਪੁੱਜ ਗਿਆ।

 

ਪੂਰਬੀ ਮਹਾਰਾਸ਼ਟਰ ਦੇ ਅਮਰਾਵਤੀ ਸ਼ਹਿਰ ਵਿੱਚ ਲੌਕਡਾਊਨ ਇੱਕ ਹਫ਼ਤੇ ਤੱਕ ਲਈ ਵਧਾ ਦਿੱਤਾ ਗਿਆ ਹੈ। ਨਾਗਪੁਰ, ਬੁਲਢਾਣਾ ਤੇ ਯਵਤਮਾਲ ਵਿੱਚ ਵੀ ਹਫ਼ਤੇ ਦੇ ਅੰਤ ਦਾ ਲੌਕਡਾਊਨ ਲਾਇਆ ਗਿਆ ਹੈ। ਇਕੱਲੇ ਮੁੰਬਈ ਸ਼ਹਿਰ ’ਚ 987 ਨਵੇਂ ਮਾਮਲੇ ਸਾਹਮਣੇ ਆਏ ਤੇ ਚਾਰ ਨਵੀਂਆਂ ਮੌਤਾਂ ਹੋਈਆਂ। ਇਨ੍ਹਾਂ ਨਵੇਂ ਮਾਮਲਿਆਂ ਨਾਲ ਇਸ ਮਹਾਂਨਗਰ ਵਿੱਚ ਕੋਰੋਨਾ ਦੀ ਲਾਗ ਦੇ ਕੁੱਲ ਮਾਮਲੇ ਵਧ ਕੇ 3 ਲੱਖ 24 ਹਜ਼ਾਰ 866 ਹੋ ਗਏ ਹਨ। ਮ੍ਰਿਤਕਾਂ ਦੀ ਗਿਣਤੀ 11,470 ਹੋ ਗਈ ਹੈ।