ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ। ਹੁਣ ਮਾਰਚ ਮਹੀਨੇ ਦਰਜਨਾਂ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ; ਤਾਂ ਜੋ ਇਸ ਅੰਦੋਲਨ ਨੂੰ ਹੋਰ ਤੀਖ ਕੀਤਾ ਜਾ ਸਕੇ। ਲੋਕਾਂ ਨੂੰ ਨਵੇਂ ਕਾਨੂੰਨਾਂ ਦੇ ਕਿਸਾਨਾਂ ਤੇ ਆਮ ਲੋਕਾਂ ਨੂੰ ਹੋਣ ਵਾਲੇ ਸੰਭਾਵੀ ਨੁਕਸਾਨਾਂ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ। ਅਜਿਹੇ ਵਿੱਚ ਸਭ ਤੋਂ ਕਾਰਗਾਰ ਹਥਿਆਰ ਮਹਾਪੰਚਾਇਤਾਂ ਸਾਬਤ ਹੋ ਰਹੀਆਂ ਹਨ। ਖਾਸਕਰ ਉੱਤਰ ਪ੍ਰਦੇਸ਼ ਦੀਆਂ ਮਹਾਪੰਚਾਇਤਾਂ ਨੇ ਸੱਤਾਧਿਰ ਬੀਜੇਪੀ ਦੇ ਹੋਸ਼ ਉਡਾ ਦਿੱਤੇ ਹਨ।

 

ਮਹਾਪੰਚਾਇਤਾਂ ਨੂੰ ਮਿਲਦੇ ਹੁੰਗਾਰੇ ਨੂੰ ਵੇਖ ਭਾਰਤੀ ਕਿਸਾਨ ਯੂਨੀਅਨ ਨੇ 28 ਫ਼ਰਵਰੀ ਤੋਂ ਲੈ ਕੇ 22 ਮਾਰਚ ਤੱਕ ਦਾ ਆਪਣਾ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨਾਂ ਦੇ ਆਗੂ ਰਾਕੇਸ਼ ਟਿਕੈਤ ਮਾਰਚ ਮਹੀਨੇ ਦੇਸ਼ ਵਿੱਚ ਹੋਣ ਵਾਲੀਆਂ ਸਾਰੀਆਂ ਮਹਾਂਪੰਚਾਇਤਾਂ ’ਚ ਸ਼ਾਮਲ ਹੋਣਗੇ। ਖਾਸ ਗੱਲ ਹੈ ਕਿ ਅਗਲੇ ਸਾਲ ਉੱਤਰ ਪ੍ਰਦੇਸ਼ ਅੰਦਰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਲਈ ਕਿਸਾਨਾਂ ਦੀਆਂ ਮਹਾਪੰਚਾਇਤਾਂ ਨਾਲ ਬੀਜੇਪੀ ਦਾ ਵੋਟ ਬੈਂਕ ਖੁਰਦਾ ਜਾ ਰਿਹਾ ਹੈ।

 

ਅੱਜ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ’ਚ ਹੋ ਰਹੀ ਮਹਾਪੰਚਾਇਤ ਵਿੱਚ ਵੀ ਰਾਕੇਸ਼ ਟਿਕੈਤ ਸ਼ਾਮਲ ਹੋਏ। ਭਲਕੇ ਪਹਿਲੀ ਮਾਰਚ ਨੂੰ ਊਧਮਸਿੰਘ ਨਗਰ ਦੇ ਰੁਦਰਪੁਰ ਦੀ ਮਹਾਂਪੰਚਾਇਤ ਵਿੱਚ ਜਾਣਗੇ। 2 ਮਾਰਚ ਨੂੰ ਰਾਜਸਥਾਨ ਦੇ ਝੁੰਨਝਨੂੰ, 3 ਮਾਰਚ ਨੂੰ ਰਾਜਸਥਾਨ ਦੇ ਨਾਗੌਰ ’ਚ ਮਹਾਂਪੰਚਾਇਤ ਹੋਣੀ ਤੈਅ ਹੈ।

 

ਇਸ ਤੋਂ ਬਾਅਦ 5 ਮਾਰਚ ਨੂੰ ਰਾਕੇਸ਼ ਟਿਕੈਤ ਉੱਤਰ ਪ੍ਰਦੇਸ਼ ਦੇ ਇਟਾਵਾ ਸਥਿਤ ਸੈਫ਼ਈ, 6 ਮਾਰਚ ਨੂੰ ਤੇਲੰਗਾਨਾ ਜਾਣਗੇ। 7 ਮਾਰਚ ਨੂੰ ਉਹ ਮੁੜ ਗਾਜ਼ੀਪੁਰ ਬਾਰਡਰ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ। ਉਸ ਤੋਂ ਬਾਅਦ 8 ਮਾਰਚ ਨੂੰ ਮੱਧ ਪ੍ਰਦੇਸ਼ ਦੇ ਸ਼ਿਓਪੁਰ, 10 ਮਾਰਚ ਨੂੰ ਉੱਤਰ ਪ੍ਰਦੇਸ਼ ਦੇ ਬਲੀਆ ਦੀ ਮਹਾਪੰਚਾਇਤ ਵਿੱਚ ਭਾਗ ਲੈਣਗੇ।

 

12 ਮਾਰਚ ਨੂੰ ਉਹ ਰਾਜਸਥਾਨ ਦੇ ਜੋਧਪੁਰ, 14 ਮਾਰਚ ਨੂੰ ਮੱਧ ਪ੍ਰਦੇਸ਼ ਦੇ ਰੀਵਾ, 20, 21 ਅਤੇ 22 ਮਾਰਚ ਨੂੰ ਕਰਨਾਟਕ ਜਾਣਗੇ। ਕਿਸਾਨ ਹਾਲੇ ਵੀ ਤਿੰਨੇ ਨਵੇਂ ਖੇਤੀ ਕਾਨੂੰਨ ਰੱਦ ਕਰਨ ਦੇ ਆਪਣੇ ਸਟੈਂਡ ’ਤੇ ਡਟੇ ਹੋਏ ਹਨ।