ਗੋਇੰਦਵਾਲ ਸਾਹਿਬ: ਪੰਜਾਬ ਵਿੱਚ ਖੇਤੀ ਕਨੂੰਨਾਂ ਖਿਲਾਫ ਸੰਘਰਸ਼ ਨੇ ਕਿਸਾਨਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ। ਕਿਸਾਨ ਹੁਣ ਅਫਸਰਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨ ਲੱਗੇ ਹਨ। ਅਜਿਹਾ ਹੀ ਮਾਮਲਾ ਲੰਘੇ ਦਿਨ ਸਾਹਮਣੇ ਆਇਆ। ਖਬਰ ਹੈ ਕਿ ਗੋਇੰਦਵਾਲ ਸਾਹਿਬ ਤੋਂ ਪਾਵਰਕੌਮ ਦੇ ਐਸਡੀਓ ਤੇ ਜੇਈ ਕਿਸਾਨ ਤੋਂ ਰਿਸ਼ਵਤ ਮੰਗ ਬੈਠੇ। ਬੱਸ ਫਿਰ ਕੁਝ ਅਜਿਹਾ ਵਾਪਰਿਆ ਕਿ ਆਪਣੇ ਗੱਡੀ ਵੀ ਛੱਡ ਕੇ ਭੱਜ ਗਏ।
ਦਰਅਸਲ ਕਿਸਾਨ ਹਿੰਮਤ ਸਿੰਘ ਨੇ ਇਲਜ਼ਾਮ ਲਾਇਆ ਹੈ ਕਿ ਖੇਤਾਂ ਵਿੱਚ ਲੱਗੇ ਮੋਟਰ ਕੁਨੈਕਸ਼ਨ ਦੇ ਵੱਧ ਲੋਡ ਸਬੰਧੀ ਐਸਡੀਓ ਰਾਜਬੀਰ ਸਿੰਘ ਤੇ ਜੇਈ ਅਮਨਦੀਪ ਸਿੰਘ ਉਨ੍ਹਾਂ ਕੋਲੋਂ 60 ਹਜ਼ਾਰ ਰੁਪਏ ਮੰਗ ਰਹੇ ਸਨ। ਹਿੰਮਤ ਸਿੰਘ ਨੇ ਇਹ ਗੱਲ ਕਿਸਾਨ ਯੂਨੀਅਨ ਨੂੰ ਦੱਸੀ। ਜਦੋਂ ਉਹ ਕਿਸਾਨ ਸੰਘਰਸ਼ ਕਮੇਟੀ ਦੇ ਲੀਡਰਾਂ ਸਮੇਤ ਗੋਇੰਦਵਾਲ ਸਾਹਿਬ ਉਨ੍ਹਾਂ ਨੂੰ ਪੈਸੇ ਦੇਣ ਪੁੱਜੇ ਤਾਂ ਐਸਡੀਐਮ ਤੇ ਜੇਈ ਉਨ੍ਹਾਂ ਨੂੰ ਵੇਖ ਕੇ ਆਪਣੀ ਗੱਡੀ ਛੱਡ ਕੇ ਫ਼ਰਾਰ ਹੋ ਗਏ। ਮੌਕੇ ’ਤੇ ਪੁੱਜੇ ਏਐਸਆਈ ਹਰਭਜਨ ਸਿੰਘ ਸਰਾ ਨੇ ਦੱਸਿਆ ਕਿ ਕਿਸਾਨ ਹਿੰਮਤ ਸਿੰਘ ਵੱਲੋਂ ਐੱਸਡੀਓ ਰਾਜਬੀਰ ਸਿੰਘ ਅਤੇ ਜੇਈ ਅਮਨਦੀਪ ਸਿੰਘ ਖ਼ਿਲਾਫ਼ ਰਿਸ਼ਵਤ ਸਬੰਧੀ ਦਰਖ਼ਾਸਤ ਦਿੱਤੀ ਗਈ ਹੈ।
ਪਾਵਰਕੌਮ ਦੇ ਨਿਗਰਾਨ ਇੰਜਨੀਅਰ ਜਤਿੰਦਰ ਸਿੰਘ ਨੇ ਕਿਹਾ ਕਿ ਪਾਵਰਕੌਮ ਵਿੱਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਮਸਲੇ ਦੀ ਜਾਂਚ ਕਰਵਾਈ ਜਾਵੇਗੀ। ਐਸਡੀਓ ਰਾਜਬੀਰ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਸਿਰਫ ਪਿੰਡ ਧੂੰਦਾਂ ਦੇ ਮੰਡ ਖੇਤਰ ਵਿੱਚ ਚੈਕਿੰਗ ਕਰਨ ਗਏ ਸੀ। ਵਾਪਸੀ ਮੌਕੇ ਕੁਝ ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ ਘੇਰ ਲਈ। ਇਸ ਦੌਰਾਨ ਸੁਰੱਖਿਆ ਵਜੋਂ ਉਹ ਗੱਡੀ ਛੱਡ ਕੇ ਪਾਸੇ ਹੋਏ ਸੀ। ਕਿਸਾਨਾਂ ਨੇ ਪੁਲਿਸ ਨੂੰ ਲਿਖਤੀ ਦਰਖਾਸਤ ਦੇ ਕੇ ਐਸਡੀਓ ਦੀ ਗੱਡੀ ਪੁਲਿਸ ਹਵਾਲੇ ਕਰ ਦਿੱਤੀ।