ਨਵੀਂ ਦਿੱਲੀ: ਕਿਸਾਨ ਅੰਦੋਲਨ 'ਚ ਪ੍ਰਦਰਸ਼ਨਕਾਰੀਆਂ ਨੂੰ ਕੋਈ ਮੁਸ਼ਕਲ ਨਾ ਆਵੇ, ਇਸ ਲਈ ਪਹਿਲੇ ਦਿਨ ਤੋਂ ਹੀ ਹਰ ਜ਼ਰੂਰਤ ਦਾ ਸਾਮਾਨ ਮੁਹੱਈਆ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪ੍ਰਦਰਸ਼ਨਕਾਰੀਆਂ ਨੂੰ ਸਰਦੀਆਂ 'ਚ ਠੰਢ ਤੋਂ ਬਚਣ ਲਈ ਕੰਬਲ ਆਦਿ ਦਿੱਤੇ ਗਏ। ਹੁਣ ਮੌਸਮ ਵੀ ਕਰਵਟ ਲੈਣ ਲੱਗ ਪਿਆ ਹੈ। ਆਉਣ ਵਾਲੇ ਦਿਨਾਂ 'ਚ ਗਰਮੀ ਵਧੇਗੀ, ਜਿਸ ਲਈ ਹੁਣ ਤੋਂ ਹੀ ਪ੍ਰਬੰਧ ਸ਼ੁਰੂ ਕਰ ਦਿੱਤੇ ਗਏ ਹਨ। ਯੂਪੀ ਗੇਟ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਗਰਮੀ ਨਾਲ ਨਜਿੱਠਣ ਲਈ ਕਿਸਾਨਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ।

 

ਕਿਸਾਨਾਂ ਵੱਲੋਂ ਗਰਮੀ ਤੋਂ ਬਚਾਅ ਲਈ ਕੂਲਰ ਮੰਗਵਾਏ ਜਾ ਰਹੇ ਹਨ। ਇਸ ਦੇ ਨਾਲ ਹੀ, ਕਿਸਾਨ ਬਿਜਲੀ ਪ੍ਰਣਾਲੀ ਲਈ ਆਰਜ਼ੀ ਕੁਨੈਕਸ਼ਨਾਂ ਲਈ ਬਿਜਲੀ ਨਿਗਮ ਨੂੰ ਦਰਖਾਸਤ ਦੇਣਗੇ। ਜੇ ਬਿਜਲੀ ਨਿਗਮ ਨਾਲ ਕੁਨੈਕਸ਼ਨ ਨਹੀਂ ਦਿੱਤਾ ਗਿਆ ਤਾਂ ਕਿਸਾਨ ਅੰਦੋਲਨ ਵਾਲੀ ਜਗ੍ਹਾ 'ਤੇ ਜਰਨੇਟਰਾਂ ਦਾ ਪ੍ਰਬੰਧ ਕਰਨਗੇ। ਅੰਦੋਲਨ ਵਾਲੀ ਜਗ੍ਹਾ 'ਤੇ ਹਰੇਕ ਕੈਂਪ 'ਚ ਕੂਲਰ ਪ੍ਰਦਾਨ ਕੀਤੇ ਜਾਣਗੇ। ਕੂਲਰ ਦੇ ਆਰਡਰ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਹਨ। ਬਿਜਲੀ ਨਿਗਮ ਨੂੰ ਅੰਦੋਲਨ ਵਾਲੀ ਜਗ੍ਹਾ 'ਤੇ 100 ਕਿੱਲੋਵਾਟ ਦਾ ਆਰਜ਼ੀ ਕੁਨੈਕਸ਼ਨ ਦੇਣ ਲਈ ਕਿਹਾ ਜਾਵੇਗਾ।

 

ਕੁਨੈਕਸ਼ਨ ਲੈਣ ਲਈ ਆਉਣ ਵਾਲਾ ਖਰਚਾ ਤੇ ਬਿੱਲ ਕਿਸਾਨ ਕਮੇਟੀ ਭਰੇਗੀ। ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਗਰਮੀ ਵੱਧ ਰਹੀ ਹੈ। ਗਰਮੀਆਂ ਵਿੱਚ ਅੰਦੋਲਨ ਵਾਲੀ ਜਗ੍ਹਾ 'ਤੇ ਵੀ ਕੂਲਰ ਚੱਲਣਗੇ। ਜਿਉਂ ਜਿਉਂ ਗਰਮੀ ਵਧਦੀ ਜਾ ਰਹੀ ਹੈ, ਦਿਨ ਪ੍ਰਤੀ ਦਿਨ ਧੁੱਪ 'ਚ ਬੈਠਣਾ ਕਿਸਾਨਾਂ ਲਈ ਮੁਸ਼ਕਲ ਹੁੰਦਾ ਜਾ ਰਿਹਾ ਹੈ। ਗਰਮੀ ਕਾਰਨ ਕਿਸਾਨ ਸਟੇਜ ਦੇ ਸਾਹਮਣੇ ਬਹੁਤ ਘੱਟ ਗਿਣਤੀ 'ਚ ਬੈਠ ਰਹੇ ਹਨ। ਕਿਸਾਨ ਥਾਂ-ਥਾਂ ਛਾਂ 'ਚ ਖੜ੍ਹੇ ਹੁੰਦੇ ਹਨ। ਇੱਕ ਜਾਂ ਦੋ ਦਿਨਾਂ ਵਿੱਚ ਸਟੇਜ ਦੇ ਸਾਹਮਣੇ ਟੈਂਟ ਲਾਏ ਜਾਣਗੇ। ਇਸ ਦੇ ਨਾਲ ਹੀ ਪੱਖਿਆਂ ਦਾ ਪ੍ਰਬੰਧ ਕੀਤਾ ਜਾਵੇਗਾ।