ਨਵੀਂ ਦਿੱਲੀ: ਸਵੀਡਨ ਦੀ ਜਲਵਾਯੂ ਐਕਟੀਵਿਸਟ ਗ੍ਰੇਟਾ ਥਨਬਰਗ ਨੇ ਭਾਰਤ ’ਚ ਆਕਸੀਜਨ ਦੀ ਕਮੀ ਨੂੰ ‘ਦਿਲ ਦੁਖਾਉਣ ਵਾਲੀ ਘਟਨਾ’ ਕਰਾਰ ਦਿੱਤਾ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਲਿਖਿਆ, ਦੁਨੀਆ ਭਰ ਦੇ ਦੇਸ਼ਾਂ ਨੂੰ ਅੱਗੇ ਵਧ ਕੇ ਕੋਰੋਨਾ ਨਾਲ ਜੂਝ ਰਹੇ ਭਾਰਤ ਦੀ ਮਦਦ ਕਰਨੀ ਚਾਹੀਦੀ ਹੈ। ਦਰਅਸਲ, ਦਿੱਲੀ ਸਮੇਤ ਦੇਸ਼ ਦੇ ਕਈ ਰਾਜ ਕੋਰੋਨਾ ਦੀ ਦੂਜੀ ਲਹਿਰ ਦੇ ਚੱਲਦਿਆਂ ਮੈਡੀਕਲ ਆਕਸੀਜਨ, ਬਿਸਤਰਿਆਂ ਤੇ ਦਵਾਈਆਂ ਦੀ ਵੱਡੀ ਕਮੀ ਨਾਲ ਜੂਝ ਰਹੇ ਹਨ।

 

ਗ੍ਰੇਟਾ ਥਨਬਰਗ ਪਿਛਲੀ ਵਾਰ ਭਾਰਤ ’ਚ ਕਿਸਾਨ ਅੰਦੋਲਨ ਦੌਰਾਨ ਟਵੀਟ ਨੂੰ ਲੈ ਕੇ ਵਿਵਾਦਾਂ ’ਚ ਘਿਰ ਗਏ ਸਨ। ਉਨ੍ਹਾਂ ਦੇ ਟਵੀਟ ਨਾਲ ਸ਼ੇਅਰ ਕੀਤੀ ਗਈ ਟੂਲ ਕਿੱਟ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ। ਦੋਸ਼ ਲੱਗਾ ਸੀ ਕਿ ਭਾਰਤ ਵਿਰੋਧੀ ਸਾਜ਼ਿਸ਼ ਅਧੀਨ ਟੂਲ ਕਿੱਟ ਰਾਹੀਂ ਕੌਮਾਂਤਰੀ ਹਸਤੀਆਂ ਤੋਂ ਟਵੀਟ ਕਰਵਾਏ ਗਏ, ਤਾਂ ਜੋ ਇਹ ਮਾਮਲਾ ਉਭਾਰਿਆ ਜਾ ਸਕੇ।

 

ਮਾਹਿਰਾਂ ਦਾ ਮੰਨਣਾ ਹੈ ਕਿ ਕਈ ਮਿਊਟੈਂਟ ਵੇਰੀਐਂਟ ਕਰਕੇ ਭਾਰਤ ਵਿੱਚ ਕੋਰੋਨਾ ਦਾ ਕਹਿਰ ਤੇਜ਼ੀ ਨਾਲ ਫੈਲ ਰਿਹਾ ਹੈ। ਕੋਰੋਨਾ ਦੇ ਨਿਯਮਾਂ ਪ੍ਰਤੀ ਲੋਕਾਂ ਦੀ ਲਾਪ੍ਰਵਾਹੀ ਕਰਕੇ ਵੀ ਸਥਿਤੀ ਭਿਆਨਕ ਹੋਈ ਦੱਸੀ ਜਾ ਰਹੀ ਹੈ। ਰੋਜ਼ਾਨਾ 3 ਲੱਖ ਤੋਂ ਵੱਧ ਕੇਸ ਸਾਹਮਣੇ ਆਉਣ ਤੋਂ ਬਾਅਦ ਹਸਪਤਾਲਾਂ ਵਿੱਚ ਬਿਸਤਰਿਆਂ, ਦਵਾਈਆਂ ਆਕਸੀਜਨ ਦੀ ਭਿਆਨਕ ਕਮੀ ਪੈਦਾ ਹੋ ਗਈ ਹੈ। ਦੇਸ਼ ਦੇ ਕਈ ਹਸਪਤਾਲਾਂ ਵਿੱਚ ਆਕਸੀਜਨ ਖੁਣੋਂ ਮਰੀਜ਼ਾਂ ਦੀ ਮੌਤ ਹੋ ਰਹੀ ਹੈ।

 

ਦੇਸ਼ ਵਿੱਚ ਸਨਿੱਚਰਵਾਰ ਨੂੰ 3 ਲੱਖ 48 ਹਜ਼ਾਰ 979 ਵਿਅਕਤੀਆਂ ਨੂੰ ਕੋਰੋਨਾ ਹੋਣ ਦੀ ਪੁਸ਼ਟਾ ਹੋਈ। ਹੁਣ ਤੱਕ ਇੱਕ ਦਨ ’ਚ ਮਿਲੇ ਲਾਗ ਗ੍ਰਸਤ ਲੋਕਾਂ ਦਾ ਇਹ ਅੰਕੜਾ ਸਭ ਤੋਂ ਵੱਧ ਹੈ। ਇਸ ਦੌਰਾਨ 2 ਲੱਖ 15 ਹਜ਼ਾਰ 803 ਵਿਅਕਤੀਆਂ ਨੇ ਕੋਰੋਨਾ ਨੂੰ ਹਰਾਇਆ ਹੈ। ਮੌਤ ਦੇ ਅੰਕੜਿਆਂ ਦੀ ਗੱਲ ਕਰੀਏ, ਤਾਂ ਬੀਤੇ ਦਿਨ ਦੇਸ਼ ਵਿੱਚ 2,761 ਵਿਅਕਤੀਆਂ ਨੇ ਕੋਰੋਨਾ ਕਰ ਕੇ ਦਮ ਤੋੜ ਦਿੱਤਾ।