ਸ਼ਿਮਲਾ: ਪਿਛਲੇ ਕੁਝ ਦਿਨ ਹਿਮਾਚਲ ਪ੍ਰਦੇਸ਼ 'ਚ ਹੋਈ ਲਗਾਤਾਰ ਬਰਫਬਾਰੀ ਨੇ ਲੋਕਾਂ ਦੀ ਜ਼ਿੰਦਗੀ 'ਤੇ ਬ੍ਰੇਕ ਲਾ ਦਿੱਤੀ ਹੈ। ਕੜਾਕੇ ਦੀ ਠੰਢ ਤੋਂ ਤੀਜੇ ਦਿਨ ਵੀ ਲੋਕਾਂ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਸ਼ਿਮਲਾ 'ਚ ਬਰਫ ਸ਼ੀਸ਼ੇ ਦੀ ਤਰ੍ਹਾਂ ਚਮਕ ਰਹੀ ਹੈ। ਸੜਕਾਂ 'ਤੇ ਵਿੱਛੀ ਬਰਫ ਬੇਹੱਦ ਖ਼ਤਰਨਾਕ ਸਾਬਤ ਹੋ ਰਹੀ ਹੈ।

ਸ਼ਿਮਲਾ ਦਾ ਤਾਪਮਾਨ ਵੀ ਜ਼ੀਰੋ ਤੋਂ ਹੇਠਾਂ 'ਤੇ ਰਿਕਾਰਡ ਕੀਤਾ ਜਾ ਰਿਹਾ ਹੈ। ਸੜਕਾਂ 'ਤੇ ਜੰਮੀ ਬਰਫ ਨਾਲ ਫਿਸਲਣ ਵਧ ਗਈ ਹੈ ਤੇ ਗੱਡੀਆਂ ਦੇ ਟਾਇਰ ਘੁੰਮ ਰਹੇ ਹਨ ਜਿਸ ਨਾਲ ਹਾਦਸਿਆਂ ਦੇ ਹੋਣ ਦਾ ਖ਼ਤਰਾ ਵੀ ਵਧ ਗਿਆ ਹੈ। ਇਨ੍ਹਾਂ ਹੀ ਨਹੀਂ ਸ਼ਿਮਲਾ ਦੇ ਕਈ ਖੇਤਰਾਂ 'ਚ ਅਜੇ ਵੀ ਦੁੱਧ, ਬ੍ਰੈਡ ਤੇ ਅਖ਼ਬਾਰ ਜਿਹੀਆਂ ਰੋਜ਼ ਮਰ੍ਹਾ ਦੀਆਂ ਚੀਜ਼ਾਂ ਦੀ ਸਪਲਾਈ ਵੀ ਬੰਦ ਹੈ। ਇਸ ਵਾਰ ਦੀ ਠੰਢ ਨਾਲ ਪਾਣੀ ਦੀ ਪਾਈਪ 'ਚ ਵੀ ਬਰਫ ਜੰਮ ਗਈ ਹੈ।

ਬੇਸ਼ੱਕ ਸ਼ਿਮਲਾ 'ਚ ਅੱਜ ਧੁੱਪ ਖਿੜੀ ਹੈ ਪਰ ਅਜੇ ਵੀ ਆਮ ਜਨ ਜੀਵਨ ਨੂੰ ਪਟੜੀ 'ਤੇ ਆਉਣ 'ਚ ਕੁਝ ਸਮਾਂ ਲੱਗੇਗਾ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇੱਕ ਵਾਰ ਫੇਰ 11 ਜਨਵਰੀ ਨੂੰ ਮੌਸਮ ਖਰਾਬ ਹੋਣ ਤੇ 13 ਜਨਵਰੀ ਦਾ ਵੀ ਅਲਰਟ ਜਾਰੀ ਕੀਤਾ ਹੈ। ਜੇਕਰ ਇਨ੍ਹਾਂ ਦਿਨਾਂ 'ਚ ਫੇਰ ਬਰਫਬਾਰੀ ਹੁੰਦੀ ਹੈ ਤਾਂ ਫੇਰ ਤੋਂ ਆਮ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।