ਲਖਨਊ: ਨਾਗਰਿਕਤਾ ਕਾਨੂੰਨ ਖਿਲਾਫ ਪ੍ਰਦਰਸ਼ਨ 'ਚ ਸ਼ਾਂਤੀ ਭੰਗ ਹੋਣ ਦੇ ਖ਼ਤਰੇ ਦੇ ਨਾਂ 'ਤੇ ਯੂਪੀ ਦੀ ਫ਼ਿਰੋਜ਼ਾਬਾਦ ਪੁਲਿਸ ਨੇ 200 ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ। ਨੋਟਿਸ ਜਾਰੀ ਹੋਣ ਤੋਂ ਬਾਅਦ ਹੁਣ ਪੁਲਿਸ ਦੀ ਕਾਰਵਾਈ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਪੁਲਿਸ ਨੇ ਇੱਕ ਮ੍ਰਿਤਕ ਵਿਅਕਤੀ ਖਿਲਾਫ ਨੋਟਿਸ ਭੇਜ ਦਿੱਤਾ ਹੈ। ਬੰਨੇ ਖ਼ਾਂ ਨਾਂ ਦੇ ਵਿਅਕਤੀ ਦੀ ਮੌਤ ਛੇ ਸਾਲ ਪਹਿਲਾਂ ਹੋ ਗਈ ਸੀ।

ਫ਼ਿਰੋਜ਼ਾਬਾਦ ਪੁਲਿਸ ਵੱਲੋਂ ਜਾਰੀ ਨੋਟਿਸ ਮੁਤਾਬਕ ਮ੍ਰਿਤਕ ਬੰਨੇ ਖ਼ਾਂ ਨੂੰ ਸਿਟੀ ਮਜਿਸਟ੍ਰੇਟ ਸਾਹਮਣੇ ਪੇਸ਼ ਹੋਣਾ ਹੈ। ਨੋਟਿਸ ਮੁਤਾਬਕ ਬੰਨੇ ਖ਼ਾਂ ਨੂੰ 10 ਲੱਖ ਰੁਪਏ ਭਰਕੇ ਜ਼ਮਾਨਤ ਲੈਣੀ ਹੈ।


ਦੱਸ ਦਈਏ ਕਿ ਇਸ ਲਿਸਟ 'ਚ ਬੰਨੇ ਖ਼ਾਂ ਤੋਂ ਇਲਾਵਾ 90 ਸਾਲ ਦੇ ਸ਼ੂਫੀ ਅੰਸਾਰ ਹੁਸੈਨ ਦਾ ਨਾਂ ਵੀ ਸ਼ਾਮਲ ਹੈ। ਸ਼ੂਫੀ ਅੰਸਾਰ ਪਿਛਲੇ 58 ਸਾਲ ਤੋਂ ਜਾਮਾ ਮਸਜਿਦ ਦੀ ਸੇਵਾ ਕਰ ਰਿਹਾ ਹੈ। ਇਸ ਤੋਂ ਇਲਾਵਾ 93 ਸਾਲ ਦੇ ਫਸਾਹਤ ਮੀਰ ਖ਼ਾਂ ਦਾ ਨਾਂ ਵੀ ਇਸ ਲਿਸਟ 'ਚ ਹੈ। ਫਸਾਹਤ ਖ਼ਾਂ ਸਮਾਜਸੇਵੀ ਹਨ। ਉਹ ਰਾਸ਼ਟਰਪਤੀ ਕਲਾਮ ਨੂੰ ਵੀ ਮਿਲ ਚੁੱਕੇ ਹਨ।

ਫਸਾਹਤ ਖ਼ਾਂ ਨੂੰ ਨੋਟਿਸ ਮਿਲਣ ਤੋਂ ਬਾਅਦ ਉਨ੍ਹਾਂ ਦੇ ਬੇਟੇ ਨੇ ਕਿਹਾ, "ਫਸਾਹਤ ਮੀਰ ਖ਼ਾਂ ਅਜਿਹਾ ਨਾਂ ਹੈ ਜੋ ਸਮਾਜਸੇਵੀ ਹੈ। ਮੇਰੇ ਵਾਲਿਦ ਨੂੰ ਰਾਸ਼ਟਰਪਤੀ ਏਪੀਜੇ ਅੱਬਦੁਲ ਕਲਾਮ ਨੇ ਰਾਸ਼ਟਰਪਤੀ ਭਵਨ 'ਚ ਮਿਲਣ ਦਾ ਮਾਣ ਬਖ਼ਸ਼ਿਆ ਹੈ ਤੇ ਉਨ੍ਹਾਂ 'ਤੇ ਪਾਬੰਦੀ ਸਮਝ ਨਹੀਂ ਆਉਂਦੀ"