ਓਟਾਵਾ: ਕੈਨੇਡਾ ਦੀ ਰਾਜਧਾਨੀ ਓਟਾਵਾ 'ਚ ਫਾਇਰਿੰਗ ਦੀ ਖ਼ਬਰ ਹੈ। ਇਸ 'ਚ ਇੱਕ ਵਿਅਕਤੀ ਦੀ ਮੌਤ ਤੇ ਤਿੰਨ ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਕੈਨੇਡੀਅਨ ਸੰਸਦ ਦੇ ਨੇੜੇ ਵਾਪਰੀ। ਜਦੋਂ ਪੁਲਿਸ ਘਟਨਾ ਵਾਲੀ ਥਾਂ 'ਤੇ ਪਹੁੰਚੀ ਤਾਂ ਉਨ੍ਹਾਂ ਨੂੰ ਚਾਰ ਲੋਕ ਜ਼ਖਮੀ ਮਿਲੇ, ਜਿਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਪ੍ਰੈੱਸ ਕਾਨਫਰੰਸ 'ਚ ਦਿੱਤੀ। ਪੁਲਿਸ ਮੁਤਾਬਕ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ ਗਈ।


ਇਸ ਹਮਲੇ 'ਚ ਇੱਕ 15 ਸਾਲਾ ਬੱਚੇ ਨੂੰ ਵੀ ਗੋਲੀ ਲੱਗੀ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਦੋ ਹੋਰਨਾਂ ਨੂੰ ਵੀ ਹਸਪਤਾਲ ਲਿਜਾਇਆ ਗਿਆ। ਉਸ ਦੀ ਸਥਿਤੀ ਸਥਿਰ ਬਣੀ ਹੋਈ ਹੈ। ਇਹ ਘਟਨਾ ਸਵੇਰੇ 07:30 ਵਜੇ ਪਾਰਲੀਮੈਂਟ ਸਟ੍ਰੀਟ ਨੇੜੇ ਗਿਲਮੌਰ ਸਟ੍ਰੀਟ ‘ਤੇ ਵਾਪਰੀ। ਪੁਲਿਸ ਨੇ ਇੱਕ ਟਵੀਟ 'ਚ ਇਸ ਖੇਤਰ 'ਚ ਆਉਣ ਤੋਂ ਬਚਣ ਦੀ ਸਲਾਹ ਦਿੱਤੀ ਹੈ।


ਓਟਾਵਾ ਪੁਲਿਸ ਮੇਜਰ ਕ੍ਰਾਈਮ ਯੂਨਿਟ ਨੇ ਆਪਣੇ ਜਾਂਚਕਰਤਾਵਾਂ ਨੂੰ ਸ਼ੱਕੀ ਦੀ ਪਛਾਣ ਕਰਨ ਲਈ ਲੋਕਾਂ ਤੋਂ ਮਦਦ ਮੰਗੀ ਹੈ। ਇੱਕ ਬਿਆਨ ਵਿੱਚ ਉਸ ਨੇ ਕਿਹਾ ਕਿ ਫਿਲਹਾਲ ਸ਼ੱਕੀ ਵਿਅਕਤੀ ਬਾਰੇ ਕੋਈ ਜਾਣਕਾਰੀ ਨਹੀਂ। ਜਾਂਚਕਰਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਘਟਨਾ ਕਾਰਨ ਕੌਮੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ।