ਨਵੀਂ ਦਿੱਲੀ: ਕੋਰੋਨਾ ਦੇ ਕਹਿਰ ਵਿੱਚ ਸਿੱਖ ਭਾਈਚਾਰਾ ਮੁੜ ਲੋਕਾਂ ਦੀ ਮਦਦ ਲਈ ਅੱਗੇ ਆਇਆ ਹੈ। ਦੇਸ਼ ਭਰ ਵਿੱਚ ਸਿੱਖ ਸੰਸਥਾਵਾਂ ਵੱਲੋਂ ਆਕਸੀਜਨ ਦੇ ਲੰਗਰ ਦੀਆਂ ਖਬਰਾਂ ਆ ਰਹੀਆਂ ਹਨ। ਹੁਣ ਵੱਡੀ ਖਬਰ ਦਿੱਲੀ ਤੋਂ ਆਈ ਹੈ। ਇੱਥੋਂ ਦੇ ਗੁਰਦੁਆਰਾ ਰਕਾਬਗੰਜ ਸਾਹਿਬ ’ਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਕਰੋਨਾ ਕੇਅਰ ਸੈਂਟਰ ਸਥਾਪਤ ਕੀਤਾ ਗਿਆ ਹੈ। ਇਸ 400 ਬੈੱਡਾਂ ਵਾਲੇ ਸੈਂਟਰ ਵਿੱਚ ਅੱਜ ਤੋਂ ਸੇਵਾਵਾਂ ਸ਼ੁਰੂ ਹੋ ਗਈਆਂ ਹਨ।

 

ਇਹ ਸੈਂਟਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਤ ਕੀਤਾ ਗਿਆ ਹੈ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ 300 ਬੈੱਡ ਅੱਜ ਤੋਂ ਮੁਹੱਈਆ ਹੋਣਗੇ ਜਦਕਿ 100 ਬੈੱਡ ਜਲਦੀ ਹੀ ਸ਼ੁਰੂ ਕੀਤੇ ਜਾਣਗੇ। ਸਿੱਖ ਕੌਮ ਦੇ ਇਸ ਉਪਰਾਲੇ ਦੀ ਸ਼ਲਾਘਾ ਹੋ ਰਹੀ ਹੈ।

 

ਅਦਾਕਾਰ ਅਮਿਤਾਬ ਬੱਚਨ ਨੇ ਸੈਂਟਰ ਲਈ ਦੋ ਕਰੋੜ ਦੀ ਮਾਲੀ ਸਹਾਇਤਾ ਦਿੰਦਿਆਂ ਅਮਿਤਾਭ ਨੇ ਕਿਹਾ ''ਸ੍ਰੀ ਗੁਰੂ ਤੇਗ ਬਹਾਦੁਰ ਕੋਵਿਡ ਕੇਅਰ' ਦੇ ਨਿਰਮਾਣ ਲਈ ਸਿੱਖ ਕੌਮ ਦੀ ਸੇਵਾ ਨੂੰ ਸਲਾਮ। ਹਾਲ ਹੀ ਵਿੱਚ ਮਸ਼ਹੂਰ ਬੌਲੀਵੁਡ ਫਿਲਮ ਮੇਕਰ ਰੋਹਿਤ ਸ਼ੈੱਟੀ ਨੇ ਵੀ ਇਸ ਕੋਵਿਡ ਸੈਂਟਰ ਦੀ ਉਸਾਰੀ ਲਈ ਫੰਡਿੰਗ ਕੀਤੀ ਸੀ। ਹਾਲਾਂਕਿ ਰੋਹਿਤ ਵੱਲੋਂ ਦਾਨ ਕੀਤੀ ਗਈ ਰਕਮ ਦਾ ਖੁਲਾਸਾ ਨਹੀਂ ਕੀਤਾ ਗਿਆ।

 

ਸਿਰਸਾ ਨੇ ਇਸ ਸੈਂਟਰ ਨੂੰ ਦੋ ਕਰੋੜ ਰੁਪਏ ਦੀ ਮਦਦ ਦੇਣ ਲਈ ਫਿਲਮ ਅਦਾਕਾਰ ਅਮਿਤਾਭ ਬੱਚਨ ਦਾ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ ਦੇ ਵਿਕਰਮ ਸਿੰਘ ਸਾਹਨੀ ਨੇ 200 ਆਕਸੀਜਨ ਕੰਸਨਟ੍ਰੇਟਰ ਦਿੱਤੇ ਹਨ ਤੇ ਹੋਰ ਗਈ ਕਈ ਲੋਕਾਂ ਨੇ ਸੇਵਾਵਾਂ ਦੀ ਜ਼ਿੰਮੇਵਾਰੀ ਲਈ ਹੈ।

 

ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲਾਂ ਇਹ ਕੇਂਦਰ 250 ਬੈੱਡਾਂ ਦਾ ਬਣਾਉਣ ਦਾ ਵਿਚਾਰ ਕੀਤਾ ਸੀ ਪਰ ਦਿੱਲੀ ਸਰਕਾਰ ਨੇ ਇਸ ਨੂੰ ਵਧਾ ਕੇ 400 ਬੈੱਡਾਂ ਦਾ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਥੇ ਮਰੀਜ਼ਾਂ ਨੂੰ ਆਕਸੀਜਨ ਤੋਂ ਇਲਾਵਾ ਦਵਾਈਆਂ ਤੇ ਖਾਣਾ ਮੁਫ਼ਤ ਮਿਲੇਗਾ।

 

ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਇੱਥੇ ਡਾਕਟਰ, ਨਰਸਾਂ ਤੇ ਹੋਰ ਸਟਾਫ ਤਾਇਨਾਤ ਕੀਤਾ ਹੈ ਤੇ ਇਸ ਸੈਂਟਰ ਨੂੰ ਐਲਐਨਜੇਪੀ ਹਸਪਤਾਲ ਨਾਲ ਜੋੜਿਆ ਹੈ ਤਾਂ ਜੋ ਲੋੜ ਪੈਣ ’ਤੇ ਮਰੀਜ਼ ਨੂੰ ਆਈਸੀਯੂ ਦੀ ਸਹੂਲਤ ਮਿਲ ਸਕੇ। ਉਨ੍ਹਾਂ ਦੱਸਿਆ ਕਿ ਦਿੱਲੀ ਕਮੇਟੀ ਨੇ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਦੇ ਰਹਿਣ ਲਈ ਪ੍ਰਬੰਧ ਕੀਤੇ ਹਨ ਤੇ ਹੋਰ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ।

 

ਦਿੱਲੀ ਸਰਕਾਰ ਨੇ ਸਥਾਨਕ ਡੀਐਮ ਨੂੰ ਇਸ ਸੈਂਟਰ ਦਾ ਨੋਡਲ ਅਫਸਰ ਬਣਾਇਆ ਹੈ ਜਦਕਿ ਕਮੇਟੀ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੋਡਲ ਅਫਸਰ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਸੈਂਟਰ 10 ਦਿਨਾਂ ’ਚ ਤਿਆਰ ਕੀਤਾ ਗਿਆ ਹੈ ਤੇ ਦਿੱਲੀ ਕਮੇਟੀ ਇਹ ਸੈਂਟਰ ਸ਼ੁਰੂ ਕਰਨ ਮਗਰੋਂ ਗੁਰਦੁਆਰਾ ਬੰਗਲਾ ਸਾਹਿਬ ਤੇ ਹੋਰ ਥਾਵਾਂ ’ਤੇ ਵੀ ਅਜਿਹੀਆਂ ਸਹੂਲਤਾਂ ਸ਼ੁਰੂ ਕਰੇਗੀ।