ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਸਰਕਾਰ ਉੱਪਰ ਵੱਡੇ ਇਲਜ਼ਾਮ ਲਾਏ ਹਨ। ਉਨ੍ਹਾਂ ਅੱਜ ਆਪਣੇ ਦਫਤਰ 'ਚ ਪੱਤਰਕਾਰਾਂ ਨਾਲ ਖਾਸ ਗੱਲਬਾਤ ਲਈ ਪ੍ਰੈੱਸ ਕਾਨਫਰੰਸ ਕੀਤੀ। ਇਸ 'ਚ ਉਨ੍ਹਾ ਨੇ ਪੰਜਾਬ 'ਚ ਹੋ ਰਹੀ ਲੁੱਟ-ਘਸੁੱਟ ਤੇ ਮਾਫੀਆ ਨੂੰ ਲੈ ਕੇ ਕਈ ਮੁੱਦਿਆਂ 'ਤੇ ਮੌਜੂਦਾ ਸਰਕਾਰ ਨੂੰ ਘੇਰਿਆ। ਇਸ ਦੇ ਨਾਲ ਹੀ ਬੈਂਸ ਨੇ ਕੇਂਦਰ ਸਰਕਾਰ 'ਤੇ ਵੀ ਨਿਸ਼ਾਨੇ ਸਾਧੇ ਤੇ ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਤੇ ਸਾਬਕਾ ਸਰਕਾਰ ਦੇ ਨੇਤਾਵਾਂ ਨੂੰ ਭ੍ਰਿਸ਼ਟਾਚਾਰ ਨਾਲ ਭਰੇ ਦੱਸਿਆ।

ਮੀਡੀਆ ਨਾਲ ਗੱਲ ਕਰਦਿਆਂ ਬੈਂਸ ਨੇ ਕਿਹਾ ਕਿ ਕੇਂਦਰ ਦੇ ਪੈਟ੍ਰੋਲੀਅਮ ਤੇ ਸਿਵਲ ਸਪਲਾਈ ਮੰਤਰੀ ਨੂੰ ਉਨ੍ਹਾਂ ਨੇ ਚਿਠੀ ਲਿੱਖੀ ਹੈ ਜਿਸ 'ਚ ਉਨ੍ਹਾਂ ਨੇ ਸਿਵਲ ਸਪਲਾਈ ਮਹਿਕਮੇ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਨੂੰ ਲੈ ਕੇ ਕੁਝ ਦਸਤਾਵੇਜ਼ ਪੇਸ਼ ਕੀਤੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪਰਬ ਨੂੰ ਸਮਰਪਿਤ ਲੰਗਰ ਬਣਾਉਣ ਲਈ ਲੱਕੜ ਦੀ ਥਾਂ ਕੈਰੋਸੀਨ 'ਚ ਸਾਲਾਂ ਤੋਂ ਮਿਲ ਰਹੇ ਤੇਲ 'ਚ ਘਪਲੇਬਾਜ਼ੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਕਰੀਬ 40 ਹਜ਼ਾਰ ਲੀਟਰ ਤੇਲ ਸੰਸਥਾਵਾਂ ਤੇ ਧਾਰਮਿਕ ਜਥੇਬੰਦੀਆਂ ਨੂੰ ਦਿੱਤਾ ਗਿਆ, ਜੋ ਕੰਟਰੋਲ ਰੇਟ 'ਤੇ ਸੀ। ਉਨ੍ਹਾਂ ਨੇ ਕਿਹਾ ਕਿ ਬਾਕੀ ਤੇਲ ਸਾਰੇ ਡਿਪੂ ਹੋਲਡਰਸ ਨੂੰ ਮਹਿੰਗੀਆਂ ਕੀਮਤਾਂ 'ਚ ਦਿੱਤਾ ਗਿਆ। ਇਸ ਘਪਲੇ 'ਚ ਉਨ੍ਹਾਂ ਨੇ ਵੱਡੇ ਅਫਸਰਾਂ ਦੀ ਮਿਲੀਭੁਗਤ ਹੋਣ ਦਾ ਦਾਅਵਾ ਵੀ ਕੀਤਾ ਤੇ ਕਿਹਾ ਕਿ ਇਸ 'ਚ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ।