ਨਾਹਨ: ਹਿਮਾਚਲ ਦੀ ਡਿਜ਼ੀਟਲ ਵਿਜ਼ਨ ਦਵਾਈ ਕੰਪਨੀ 'ਚ ਬਣੀ ਖੰਘ ਤੇ ਜ਼ੁਕਾਮ ਦੀ ਦਵਾਈ ਦੇ ਸੈਂਪਲ ਫੇਲ੍ਹ ਹੋ ਗਏ। ਕੋਲਡ ਬੇਸਡ ਸਿਰਪ ਦਵਾਈ 'ਚ ਹਾਈ ਏਥਿਲੀਨ ਗਲਾਈਕੋਲ ਨਾਮਕ ਜ਼ਹਿਰੀਲਾ ਪਦਾਰਥ ਪਾਇਆ ਗਿਆ। ਕੰਪਨੀ ਦੇ ਪ੍ਰਬੰਧਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਕੰਪਨੀ ਨੂੰ ਸੀਲ ਕਰਕੇ ਲਾਈਸੈਂਸ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਮਾਮਲੇ 'ਚ ਜਲਦ ਹੀ ਗ੍ਰਿਫਤਾਰੀਆਂ ਹੋ ਸਕਦੀਆਂ ਹਨ।


ਇਸ ਦੇ ਨਾਲ ਹੀ ਕੰਪਨੀ ਨੇ ਸਾਰਾ ਰਿਕਾਰਡ ਵੀ ਜ਼ਬਤ ਕਰ ਲਿਆ ਸੀ। ਜਾਂਚ ਟੀਮ ਮੁਤਾਬਕ ਕੱਚਾ ਮਾਲ ਚੇਨਈ ਤੋਂ ਦਿੱਲੀ, ਦਿੱਲੀ ਤੋਂ ਅੰਬਾਲਾ ਤੇ ਅੰਬਾਲਾ ਤੋਂ ਕਾਲਾ ਅੰਬ ਡੀਲਰਾਂ ਵੱਲੋਂ ਪਹੁੰਚਾਇਆ ਜਾਂਦਾ ਸੀ। ਇਸ ਤੋਂ ਬਾਅਦ ਦਵਾਈ ਦਾ ਉਤਪਾਦਨ ਕੀਤਾ ਜਾਂਦਾ ਸੀ। ਇਸ ਬੈਚ ਦੀਆਂ 5500 ਬੋਤਲਾਂ ਦਾ ਉਤਪਾਦਨ ਸਤੰਬਰ 2019 'ਚ ਕੀਤਾ ਗਿਆ। ਇਸ ਦੀ ਸਪਲਾਈ 10 ਸੂਬਿਆਂ 'ਚ ਕੀਤੀ ਗਈ।

ਦਸੰਬਰ 2019 ਤੇ ਜਨਵਰੀ 2020 'ਚ ਜੰਮੂ ਤੇ ਉਧਮਪੁਰ 'ਚ ਖੰਘ ਜ਼ੁਕਾਮ ਦੀ ਦਵਾਈ ਦਾ ਸੇਵਨ ਕਰਨ ਨਾਲ 12 ਬੱਚਿਆਂ ਦੀ ਮੌਤ ਹੋ ਗਈ ਸੀ। ਜਦਕਿ ਕਰੀਬ 36 ਬੱਚਿਆਂ ਦੀਆਂ ਕਿਡਨੀਆਂ ਖਰਾਬ ਹੋਣ ਦੇ ਮਾਮਲੇ ਸਾਹਮਣੇ ਆਏ ਸੀ।