ਬਗਦਾਦ: ਇਰਾਕ 'ਚ ਫਿਰ ਤੋਂ ਰਾਕੇਟ ਨਾਲ ਅਮਰੀਕੀ ਦੂਤਾਵਾਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਰਾਕ 'ਚ ਅਮਰੀਕੀ ਦੂਤਾਵਾਸ 'ਤੇ ਰਾਕੇਟਾਂ ਨਾਲ ਹਮਲਾ ਕੀਤਾ ਗਿਆ। ਰਾਕੇਟ ਅਮਰੀਕੀ ਦੂਤਾਵਾਸ ਤੋਂ ਲਗਭਗ 100 ਮੀਟਰ ਦੀ ਦੂਰੀ 'ਤੇ ਡਿੱਗਿਆ। ਇਰਾਕੀ ਸੈਨਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਰਾਕੀ ਸੈਨਾ ਨੇ ਕਿਹਾ ਕਿ ਗ੍ਰੀਨ ਜ਼ੋਨ 'ਚ ਦੋ ਰਾਕੇਟ ਡਿੱਗੇ। ਮਿਲੀ ਜਾਣਕਾਰੀ ਮੁਤਾਬਕ ਇਸ ਹਮਲੇ 'ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਜਿਸ ਖੇਤਰ 'ਚ ਰਾਕੇਟ ਡਿੱਗਿਆ ਉੱਥੇ ਬਹੁਤ ਸਾਰੇ ਦੇਸ਼ਾਂ ਦੇ ਦੂਤਾਵਾਸ ਹਨ।


ਇਸ ਤੋਂ ਪਹਿਲਾਂ 5 ਜਨਵਰੀ ਨੂੰ ਇਰਾਨ ਪੱਖੀ ਮਿਲੀਸ਼ੀਆ ਨੇ ਬਗਦਾਦ ਦੇ ਗ੍ਰੀਨ ਜ਼ੋਨ 'ਚ ਰਾਕੇਟ ਸੁੱਟੇ ਸੀ। ਇਸ ਹਮਲੇ ਵਿਚ ਕੁਝ ਰਾਕੇਟ ਅਮਰੀਕੀ ਦੂਤਾਵਾਸ ਦੇ ਅੰਦਰ ਵੀ ਡਿੱਗੇ। ਇਰਾਨ ਦੇ ਅਨੁਸਾਰ ਹਮਲੇ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਅਮਰੀਕਾ ਨੇ ਮੌਤ ਦੀ ਗੱਲ ਨੂੰ ਰੱਦ ਕਰ ਦਿੱਤਾ।

ਦੱਸ ਦਈਏ ਕਿ ਕੱਲ੍ਹ ਇਰਾਨ ਨੇ ਆਪਣੇ ਜਨਰਲ ਕਾਸੀਮ ਸੁਲੇਮਣੀ ਦੀ ਮੌਤ ਦਾ ਬਦਲਾ ਲੈਣ ਲਈ ਇਰਾਕ 'ਚ ਅਮਰੀਕੀ ਸੈਨਿਕ ਠਿਕਾਣਿਆਂ ‘ਤੇ ਮਿਜ਼ਾਈਲ ਹਮਲਾ ਕੀਤਾ ਸੀ। ਇਰਾਨ ਦੇ ਹਮਲੇ ਤੋਂ ਬਾਅਦ ਯੂਐਸ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਜਮ ਰੱਖਦੇ ਹੋਏ ਸ਼ਾਂਤੀ ਦੀ ਅਪੀਲ ਕੀਤੀ ਸੀ।