ਮੋਗਾਦਿਸ਼ੁ: ਸੋਮਾਲੀਆ ਦੀ ਰਾਜਧਾਨੀ 'ਚ ਇੱਕ ਸੁਰੱਖਿਆ ਜਾਂਚ ਚੌਕੀ 'ਤੇ ਸ਼ਨੀਵਾਰ ਸਵੇਰੇ ਇੱਕ ਟਰੱਕ ਬੰਬ ਧਮਾਕੇ ਵਿਚ ਘੱਟ ਤੋਂ ਘੱਟ 73 ਲੋਕ ਮਾਰੇ ਗਏ। ਚਸ਼ਮਦੀਦਾਂ ਨੇ ਦੱਸਿਆ ਕਿ ਅੱਜ ਦੇ ਧਮਾਕੇ ਨੂੰ ਵੇਖਦਿਆਂ ਉਨ੍ਹਾਂ ਨੂੰ 2017 'ਚ ਹੋਏ ਧਮਾਕੇ ਦੀ ਯਾਦ ਆਈ ਜਿਸ 'ਚ ਸੈਂਕੜੇ ਲੋਕ ਮਾਰੇ ਗਏ ਸੀ।

ਸਰਕਾਰੀ ਬੁਲਾਰੇ ਇਸਮਾਈਲ ਮੁਖਤਾਰ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ ਕਿਉਂਕਿ ਬਹੁਤ ਸਾਰੇ ਜ਼ਖਮੀਆਂ ਨੂੰ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਮਦੀਨਾ ਹਸਪਤਾਲ ਦੇ ਡਾਇਰੈਕਟਰ ਡਾ: ਮੁਹੰਮਦ ਯੂਸਫ ਨੇ ਜਾਣਕਾਰੀ ਦਿੱਤੀ ਕਿ 73 ਲਾਸ਼ਾਂ ਹਸਪਤਾਲ ਲਿਆਦੀਆਂ ਗਈਆਂ ਹਨ। ਆਮੀਨ ਐਂਬੂਲੈਂਸ ਸਰਵਿਸ ਦੇ ਡਾਇਰੈਕਟਰ ਆਬਿਦਕਾਦਿਰ ਅਬਦਿਰਾਹਮਾਨ ਨੇ ਜ਼ਖਮੀਆਂ ਦੀ ਗਿਣਤੀ 50 ਤੋਂ ਵੱਧ ਦੱਸੀ ਗਈ ਹੈ।

ਮਾਰੇ ਗਏ ਜ਼ਿਆਦਾਤਰ ਲੋਕਾਂ 'ਚ ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਦੇ ਵਿਦਿਆਰਥੀ ਹਨ ਜੋ ਆਪਣੀਆਂ ਕਲਾਸਾਂ ਲਈ ਆਏ ਸੀ। ਪੁਲਿਸ ਨੇ ਦੱਸਿਆ ਕਿ ਮਰਨ ਵਾਲਿਆਂ 'ਚ ਦੋ ਤੁਰਕੀ ਨਾਗਰਿਕ ਵੀ ਸ਼ਾਮਲ ਹਨ। ਧਮਾਕੇ ਤੋਂ ਬਾਅਦ ਰਾਜਧਾਨੀ ' ਧੂੰਏਂ ਦਾ ਗੁਬਾਰਾ ਬਣ ਗਿਆ। ਨੁਕਸਾਨੇ ਵਾਹਨ ਅਤੇ ਲਾਸ਼ਾਂ ਘਟਨਾ ਵਾਲੀ ਥਾਂ 'ਤੇ ਖਿੰਡੇ ਹੋਏ ਵੇਖੇ ਗਏ। ਅਜੇ ਤੱਕ ਕਿਸੇ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।