ਚੰਡੀਗੜ੍ਹ: ਰਾਸ਼ਟਰੀ ਸਿਹਤ ਮਿਸ਼ਨ (NHM) ਦੇ ਮੁਲਾਜ਼ਮਾਂ ਵੱਲੋਂ ਪੱਕਾ ਕੀਤੇ ਜਾਣ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਭਾਵੇਂ ਖ਼ਤਮ ਹੋ ਗਈ ਹੈ, ਪਰ ਕਈ ਜ਼ਿਲ੍ਹਿਆਂ 'ਚ ਮੁਲਾਜ਼ਮ ਬੀਤੇ ਦਿਨ ਵੀ ਆਪਣੀ ਡਿਊਟੀ 'ਤੇ ਵਾਪਸ ਨਹੀਂ ਪਰਤੇ। ਇਸ 'ਤੇ ਸਖ਼ਤ ਨੋਟਿਸ ਲੈਂਦਿਆਂ ਐਨਐਚਐਮ ਦੇ ਐਮਡੀ ਕੁਮਾਰ ਰਾਹੁਲ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਜਿਹੜੇ ਕਰਮਚਾਰੀ ਡਿਊਟੀ 'ਤੇ ਨਹੀਂ ਆਏ ਹਨ, ਉਨ੍ਹਾਂ ਨੂੰ ਬਰਖ਼ਾਸਤ ਕੀਤਾ ਜਾਵੇ। ਅਜਿਹੇ ਕਰਮਚਾਰੀਆਂ ਦੀ ਗਿਣਤੀ ਲਗਪਗ 1000 ਹਜ਼ਾਰ ਹੈ।
ਡਿਪਟੀ ਕਮਿਸ਼ਨਰਾਂ ਨੂੰ ਕਿਹਾ ਗਿਆ ਹੈ ਕਿ ਅਜਿਹੇ ਕਰਮਚਾਰੀਆਂ ਦੀ ਥਾਂ ਦੂਜੇ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਵੇ। ਉੱਥੇ ਹੀ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਚਿੱਠੀ 'ਚ ਇਹ ਵੀ ਕਿਹਾ ਗਿਆ ਹੈ ਕਿ ਲੋੜ ਅਨੁਸਾਰ ਵਾਧੂ ਸਟਾਫ਼ ਵੀ ਭਰਤੀ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਰੋਜ਼ਾਨਾ 1000 ਰੁਪਏ ਦਿੱਤੇ ਜਾਣਗੇ।
ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਐਨਐਚਐਮ ਤੇ 776 ਕਮਿਊਨਿਟੀ ਸਿਹਤ ਅਧਿਕਾਰੀ (ਸੀਐਚਓ) ਹੜਤਾਲ 'ਤੇ ਸਨ। ਉਨ੍ਹਾਂ ਦੀ ਮੁੱਖ ਮੰਗ ਪੱਕੀ ਨੌਕਰੀ ਦੀ ਸੀ। ਤੰਦਰੁੱਸਤ ਪੰਜਾਬ ਦੇ ਸੀ.ਐਚ.ਓਜ਼., ਏ.ਐਨ.ਐਮ. ਤੇ ਡਾਕਟਰ ਤੇ ਹੋਰ ਸਟਾਫ਼ ਨੂੰ ਇਕ ਹਫ਼ਤੇ ਤੋਂ ਲੰਬੀ ਗੈਰ-ਹਾਜ਼ਰੀ 'ਚ ਕੋਰੋਨਾ ਮਹਾਂਮਾਰੀ ਦੌਰਾਨ ਭਾਰੀ ਪ੍ਰੇਸ਼ਾਨੀ ਆ ਰਹੀ ਸੀ, ਕਿਉਂਕਿ ਉਹ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਣ, ਸੰਪਰਕ ਟ੍ਰੇਸਿੰਗ ਤੇ ਇਲਾਜ ਸਬੰਧੀ ਜ਼ਿੰਮੇਵਾਰੀ ਨਿਭਾਅ ਰਹੇ ਸਨ।
ਸਿਹਤ ਮੰਤਰੀ ਬਲਬੀਰ ਸਿੱਧੂ ਨੇ ਐਤਵਾਰ ਨੂੰ ਉਨ੍ਹਾਂ ਨੂੰ ਆਪਣੀ ਹੜਤਾਲ ਖ਼ਤਮ ਕਰਨ ਤੇ ਡਿਊਟੀ 'ਤੇ ਵਾਪਸ ਆਉਣ ਦੀ ਅਪੀਲ ਕੀਤੀ ਸੀ। ਮੰਤਰੀ ਨੇ ਇਹ ਵੀ ਕਿਹਾ ਸੀ ਕਿ ਜੇਕਰ ਹੜਤਾਲ ਕਰ ਰਹੇ ਕਾਮੇ ਹੜਤਾਲ ਖਤਮ ਨਹੀਂ ਕਰਦੇ ਹਨ ਤਾਂ ਉਨ੍ਹਾਂ ਦੇ ਵਿਰੁੱਧ ਆਪਦਾ ਪ੍ਰਬੰਧਨ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਸੋਮਵਾਰ ਨੂੰ ਨੈਸ਼ਨਲ ਰੂਰਲ ਹੈਲਥ ਮਿਸ਼ਨ ਇੰਪਲਾਈਜ਼ ਐਸੋਸੀਏਸ਼ਨ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਸੀ।
ਐਸੋਸੀਏਸ਼ਨ ਦੇ ਮੁਖੀ ਇੰਦਰਜੀਤ ਸਿੰਘ ਰਾਣਾ ਨੇ ਕਿਹਾ ਕਿ ਹੜਤਾਲ ਸਵੇਰ ਤੋਂ ਹੀ ਖਤਮ ਕਰ ਦਿੱਤੀ ਗਈ ਸੀ। ਕਰਮਚਾਰੀਆਂ ਨੂੰ ਆਪਣੀਆਂ ਨੌਕਰੀਆਂ 'ਤੇ ਵਾਪਸ ਜਾਣ ਲਈ ਕਿਹਾ ਗਿਆ ਸੀ। ਇਸ ਦੇ ਬਾਵਜੂਦ ਬਹੁਤ ਸਾਰੀਆਂ ਥਾਵਾਂ 'ਤੇ ਹੜਤਾਲ ਖਤਮ ਨਹੀਂ ਕੀਤੀ ਤੇ ਆਪਣੇ ਕੰਮ 'ਤੇ ਵਾਪਸ ਨਹੀਂ ਪਰਤੇ।
ਇਸ ਤੋਂ ਬਾਅਦ ਐਨਐਚਐਮ ਦੇ ਐਮਡੀ ਨੇ ਸਾਰੇ ਹੜਤਾਲੀ ਕਰਮਚਾਰੀਆਂ ਨੂੰ ਬਰਖਾਸਤ ਕਰਨ ਦੇ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਇਕ ਚਿੱਠੀ ਵੀ ਲਿਖੀ ਹੈ ਕਿ ਛੇਤੀ ਤੋਂ ਛੇਤੀ ਉਨ੍ਹਾਂ ਨੂੰ ਬਰਖਾਸਤ ਕੀਤਾ ਜਾਵੇ ਤੇ ਉਨ੍ਹਾਂ ਦੀ ਥਾਂ ਨਵੇਂ ਮੁਲਾਜ਼ਮਾਂ ਨੂੰ ਭਰਤੀ ਕੀਤਾ ਜਾਵੇ।