ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਸੀਨੀਅਰ ਕਾਂਗਰਸੀ ਲੀਡਰ ਨਵਜੋਤ ਸਿੱਧੂ ਨੇ ਸਖਤ ਰੁਖ ਅਪਣਾ ਲਿਆ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਤਿੰਨ ਮੈਂਬਰੀ ਖੜਗੇ ਕਮੇਟੀ ਸਾਹਮਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਾਂਝੀ ਮੀਟਿੰਗ ਬਾਰੇ ਬਿਲਕੁਲ ਇਨਕਾਰ ਕੀਤਾ ਹੈ। ਮੀਡੀਆ ਵਿੱਚ ਚਰਚਾ ਸੀ ਕਿ ਹਾਈਕਮਾਨ ਨਵਜੋਤ ਸਿੱਧੂ ਤੇ ਕੈਪਟਨ ਨਾਲ ਸਾਂਝੀ ਮੀਟਿੰਗ ਕਰਕੇ ਕਾਂਗਰਸ ਦੇ ਕਲੇਸ਼ ਨੂੰ ਨਿਬੇੜੇਗੀ।


 


ਸਿੱਧੂ ਨੇ ਕਿਹਾ ਕਿ ਇਹ ਉਨ੍ਹਾਂ ਦੇ ਵਿਰੋਧੀਆਂ ਦੁਆਰਾ ਉਨ੍ਹਾਂ ਵਿਰੁੱਧ ਪ੍ਰਚਾਰ ਕੀਤਾ ਗਿਆ ਸੀ। ਸਿੱਧੂ ਨੇ ਕਿਹਾ  “ਮੀਡੀਆ ਨਾਲ ਆਪਣੀ ਤਾਜ਼ਾ ਇੰਟਰਵਿਊ ਦੌਰਾਨ, ਮੈਂ ਸਪੱਸ਼ਟ ਤੌਰ 'ਤੇ ਇਨਕਾਰ ਕਰ ਦਿੱਤਾ ਕਿ ਤਿੰਨ ਮੈਂਬਰੀ ਪੈਨਲ ਜਾਂ ਹਾਈ ਕਮਾਂਡ ਦੁਆਰਾ ਮੀਟਿੰਗ ਲਈ ਉਨ੍ਹਾਂ ਨੂੰ ਬੁਲਾਇਆ ਗਿਆ ਸੀ। ਮੈਨੂੰ 20 ਜੂਨ ਜਾਂ 22 ਜੂਨ ਨੂੰ ਮੀਟਿੰਗ ਲਈ ਨਹੀਂ ਬੁਲਾਇਆ ਗਿਆ ਸੀ। ਮੈਂ ਇਸ ਬਾਰੇ ਸਪਸ਼ਟ ਕਰ ਦਿੱਤਾ ਹੈ, ਬਾਵਜੂਦ ਇਸ ਦੇ ਅਜਿਹੀਆਂ ਖਬਰਾਂ ਚਲਾਈਆਂ ਜਾ ਰਹੀਆਂ ਹਨ।"



ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ 2 ਜੂਨ ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ ਤਾਂ ਉਨ੍ਹਾਂ ਨੇ ਆਪਣੇ ਵਿਚਾਰਾਂ ਤੇ ਪੰਜਾਬ ਪ੍ਰਤੀ ਏਜੰਡੇ ਬਾਰੇ ਕਮੇਟੀ ਨਾਲ ਗੱਲਬਾਤ ਕੀਤੀ ਸੀ। ਦੱਸ ਦਈਏ ਕਿ ਖੜਗੇ ਕਮੇਟੀ ਦਾ ਗਠਨ ਪੰਜਾਬ ਕਾਂਗਰਸ ਨਾਲ ਜੁੜੇ ਸੰਕਟ ਨੂੰ ਖ਼ਤਮ ਕਰਨ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਰੋਡਮੈਪ ਤਿਆਰ ਲਈ ਕੀਤਾ ਗਿਆ ਸੀ।


 


ਸਿੱਧੂ ਦੇ ਵਾਂਗ ਹੀ ਕੈਪਟਨ ਵੀ ਆਪਣੇ ਰੁਖ 'ਤੇ ਅੜ ਗਏ ਹਨ। ਸਿੱਧੂ ਦੇ ਹਮਲਿਆਂ ਤੇ ਹਾਈਕਮਾਨ ਦੇ ਰੁਖ ਤੋਂ ਕੈਪਟਨ ਵੀ ਖਫਾ ਹੋ ਗਏ ਹਨ। 'ਏਬੀਪੀ ਨਿਊਜ਼' ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਗੱਲੋਂ ਬਹੁਤ ਨਾਰਾਜ਼ ਹਨ ਕਿ ਉਨ੍ਹਾਂ ਨੂੰ ਵਾਰ-ਵਾਰ ਦਿੱਲੀ ਬੁਲਾ ਕੇ ਕਮੇਟੀ ਸਾਹਮਣੇ ਪੇਸ਼ ਹੋਣ ਲਈ ਕਹਿ ਕੇ ਅਪਮਾਨਿਤ ਕੀਤਾ ਜਾ ਰਿਹਾ ਹੈ। ਹਾਲਾਂਕਿ ਉਹ ਅਜੇ ਵੀ ਪਾਰਟੀ ਅਨੁਸ਼ਾਸਨ ਦੇ ਘੇਰੇ ਵਿੱਚ ਰਹਿੰਦੇ ਹੋਏ ਅਜਿਹਾ ਕਰ ਰਹੇ ਹਨ, ਪਰ ਸੂਤਰਾਂ ਮੁਤਾਬਕ ਹਾਲਾਤ ਹੋਰ ਵਿਗੜ ਸਕਦੇ ਹਨ।


 


ਰਾਹੁਲ ਗਾਂਧੀ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਕੈਪਟਨ ਤੇ ਸਿੱਧੂ ਦੋਵਾਂ ਨੂੰ ਨਾਲ ਲੈ ਕੇ ਪੰਜਾਬ ਚੋਣਾਂ ਵਿੱਚ ਕੰਮ ਕਰਨਾ ਚਾਹੁੰਦੇ ਹਨ, ਪਰ ਦੋਵੇਂ ਇਸ ਵਾਰ ਆਪਣਾ ਪੱਖ ਨਰਮ ਕਰਨ ਦੇ ਮੂਡ ਵਿੱਚ ਨਹੀਂ ਹਨ। ਇੱਕ ਪਾਸੇ ਆਮ ਆਦਮੀ ਪਾਰਟੀ ਨਵਜੋਤ ਸਿੱਧੂ 'ਤੇ ਨਜ਼ਰਾਂ ਰੱਖ ਰਹੀ ਹੈ ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸੂਤਰ ਕਹਿ ਰਹੇ ਹਨ ਕਿ ਇਸ ਵਾਰ ਕੈਪਟਨ ਇੱਕ ਵੱਖਰਾ ਰਸਤਾ ਅਪਣਾ ਸਕਦਾ ਹੈ।