ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਵਿਧਾਨ ਸਭਾ ਚੋਣਾਂ ਲਈ ਇੱਕ ਹੋਰ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਖੇਮਕਰਨ ਹਲਕੇ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਐਲਾਨਿਆ ਹੈ। ਇਸ ਤੋਂ ਪਹਿਲਾਂ ਐਤਵਾਰ ਉਨ੍ਹਾਂ ਜਲਾਲਾਬਾਦ ਤੋਂ ਖੁਦ ਚੋਣ ਲੜਨ ਦਾ ਐਲਾਨ ਕੀਤਾ ਸੀ।
ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਜਦੋਂਕਿ ਕਾਂਗਰਸ, ਭਾਜਪਾ ਤੇ ਆਪ ਨੂੰ ਦਿੱਲੀ ਤੋਂ ਹੁਕਮ ਆਉਂਦੇ ਹਨ। ਉਨ੍ਹਾਂ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਤੇ ਪੂਰੀ ਟੀਮ ਨੂੰ ਵਧਾਈ ਹੈ ਜਿੰਨਾ ਨੇ ਵੱਡਾ ਇਕੱਠ ਕੀਤਾ। ਉਨ੍ਹਾਂ ਕਿਹਾ ਕਿ ਮੈਂ ਜਲਾਲਾਬਾਦ ਵਿੱਚ ਕੈਪਟਨ ਖਿਲਾਫ ਜੰਗ ਸ਼ੁਰੂ ਕੀਤੀ ਸੀ। ਵਲਟੋਹਾ ਨੇ ਜਲਾਲਾਬਾਦ ਤੋਂ ਵੱਡਾ ਇਕੱਠ ਕੀਤਾ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਾਜਪਾ ਦੇ ਹੱਥ ਕਿਸਾਨਾਂ ਦੇ ਖੂਨ ਨਾਲ ਰੰਗੇ ਹਨ। ਭਾਜਪਾ ਨਾਲ ਅਕਾਲੀ ਦਲ ਕਦੇ ਵੀ ਸਾਂਝ ਨਹੀਂ ਰੱਖੇਗਾ। ਕਾਂਗਰਸ ਤੇ ਭਾਜਪਾ ਰਲ ਕੇ ਖੇਡਦੇ ਹਨ।
ਉਨ੍ਹਾਂ ਨੇ ਇਲਜ਼ਾਮ ਲਾਇਆ ਹੈ ਕਿ ਖੇਮਕਰਨ ਹਲਕੇ 'ਚ ਇੰਦਰਾ ਗਾਂਧੀ ਵਾਲੀ ਐਮਰਜੈਂਸੀ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸਥਾਨਕ ਵਿਧਾਇਕ ਸੁਖਪਾਲ ਭੁੱਲਰ ਨੇ ਅਕਾਲੀ ਵਰਕਰਾਂ ਨੂੰ ਰੈਲੀ ਵਿੱਚ ਆਉਣ ਤੋਂ ਰੋਕਿਆ ਹੈ। ਕਾਂਗਰਸੀ ਵਿਧਾਇਕ ਪਰਚਿਆਂ ਦੀਆਂ ਧਮਕੀਆਂ ਦੇ ਰਿਹਾ ਹੈ। ਕੁਝ ਪੁਲਿਸ ਵਾਲੇ ਕਾਂਗਰਸੀਆਂ ਦੀ ਚਮਚਾਗਿਰੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਵਲਟੋਹਾ ਹਰ ਵੇਲੇ ਹਲਕੇ ਦੇ ਵਰਕਰਾਂ ਨਾਲ ਡਟਿਆ ਰਿਹਾ, ਬੇਸ਼ੱਕ ਹਲਕੇ ਵਿੱਚ ਗੁੰਡਾਗਰਦੀ ਚੱਲਦੀ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਤੋਂ ਜਵਾਬ ਮੰਗਦੇ ਹਨ। ਮਜੀਠੀਆ ਨੇ ਕੈਪਟਨ ਸਰਕਾਰ ਤੋਂ ਪੰਜ ਸਵਾਲ ਪੁੱਛੇ ਹਨ। ਉਨ੍ਹਾਂ ਕਿਹਾ ਕਿ ਕੀ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਹੋਇਆ? ਕਿਸਾਨ ਲਗਾਤਾਰ ਖੁਦਕੁਸ਼ੀ ਕਿਉਂ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਦਸੂਹਾ ਦੇ ਆਤਮਹੱਤਿਆ ਕਰਨ ਵਾਲੇ ਪਿਤਾ-ਪੁੱਤਰ ਨੇ ਕੈਪਟਨ ਸਰਕਾਰ ਨੂੰ ਜਿੰਮੇਵਾਰ ਦੱਸਿਆ ਹੈ।
ਮਜੀਠੀਆ ਨੇ ਕਿਹਾ ਕਿ ਪੰਜਾਬ ਦਾ ਖਜਾਨਾ ਮੰਤਰੀ ਨਿਕੰਮਾ ਹੈ। ਪੰਜਾਬ 'ਚ ਲੋਕਾਂ ਉੱਪਰ ਟੈਕਸਾਂ ਦਾ ਬੋਝ ਪਾਇਆ ਜਾ ਰਿਹਾ ਹੈ। ਮਨਪ੍ਰੀਤ ਬਾਦਲ ਨੇ ਲੋਕਾਂ 'ਤੇ ਵਾਧੂ ਬੋਝ ਪਾਇਆ ਤੇ ਹਾਲੇ ਵੀ ਕਹਿ ਰਹੇ ਹਨ ਕਿ ਖਜਾਨਾ ਖਾਲੀ ਹੈ। ਪੰਜਾਬ ਵਿੱਚ ਬਿਜਲੀ ਦੇ ਸਭ ਤੋਂ ਵੱਧ ਰੇਟ ਹਨ। ਕੈਪਟਨ ਸਰਕਾਰ ਨੇ 1 ਲੱਖ ਕਰੋੜ ਤੋਂ ਵੱਧ ਕਰਜ਼ਾ ਵਧਾ ਦਿੱਤਾ ਹੈ। ਚੋਣਾਂ ਸਿਰ 'ਤੇ ਆਉਣ ਕਾਰਨ ਸਰਕਾਰ ਜੁਲਾਈ ਤੋਂ ਸ਼ਗਨ ਸਕੀਮ ਦਾ ਐਲਾਨ ਕਰਕੇ ਲੋਕਾਂ ਨੂੰ ਚੰਦ ਮਹੀਨਿਆਂ ਲਈ ਮੂਰਖ ਬਣਾ ਰਹੀ ਹੈ।