ਪਵਨਪ੍ਰੀਤ ਕੌਰ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੋਰੋਨਾਵਾਇਰਸ ਨਾਲ ਲੜਨ ਲਈ ਚੁੱਕੇ ਜਾ ਰਹੇ ਕਦਮਾਂ ‘ਚ ਕੈਪਟਨ ਸਰਕਾਰ ਦਾ ਸਾਥ ਦੇਣ ਦੀ ਗੱਲ ਕਹੀ ਹੈ ਪਰ ਉਨ੍ਹਾਂ ਨਾਲ ਹੀ ਪੁਲਿਸ ਕਰਮੀਆਂ ਵੱਲੋਂ ਕਰਫਿਊ ਦੌਰਾਨ ਲੋਕਾਂ ਨਾਲ ਬਦਸਲੂਕੀ ਕਰਨ ਦਾ ਵੀ ਵਿਰੋਧ ਕੀਤਾ ਹੈ।

ਸੁਖਬੀਰ ਬਾਦਲ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਅਜਿਹੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਹਨ ਜਿਸ ‘ਚ ਕਰਫਿਊ ਦੌਰਾਨ ਪੁਲਿਸ ਵੱਲੋਂ ਲੋਕਾਂ ਨੂੰ ਘਰਾਂ ‘ਚ ਭੇਜਣ ਲਈ ਕੁੱਟ-ਮਾਰ ਕੀਤੀ ਜਾ ਰਹੀ ਹੈ। ਬਾਦਲ ਦਾ ਕਹਿਣਾ ਹੈ ਕਿ ਲੋਕ ਕਰਫਿਊ ਲਈ ਤਿਆਰ ਨਹੀਂ ਸਨ। ਅਚਾਨਕ ਕਰਫਿਊ ਦਾ ਐਲਾਨ ਕੀਤਾ ਗਿਆ, ਬਾਵਜੂਦ ਇਸ ਦੇ ਪੁਲਿਸ ਲੋਕਾਂ ਨਾਲ ਅਜਿਹਾ ਵਤੀਰਾ ਕਰ ਰਹੀ ਹੈ। ਸੁਖਬੀਰ ਬਾਦਲ ਨੇ ਪੁਲਿਸ ਵੱਲੋਂ ਔਰਤਾਂ ਤੋਂ ਡੰਡ ਬੈਠਕਾਂ ਕਢਾਉਣ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ।

ਸੁਖਬੀਰ ਬਾਦਲ ਨੇ ਕਿਹਾ ਕਿ ਉਹ ਮੰਨਦੇ ਹਨ ਕਰਫਿਊ ਲਾਉਣਾ ਹਾਲਾਤਾਂ ਨੂੰ ਧਿਆਨ ‘ਚ ਰੱਖਦਿਆਂ ਜ਼ਰੂਰੀ ਸੀ, ਪਰ ਜਿਸ ਤਰੀਕੇ ਨਾਲ ਪੁਲਿਸ ਲੋਕਾਂ ਨਾਲ ਖਾਸ ਔਰਤਾਂ ਨਾਲ ਜੋ ਵਿਹਾਰ ਕੀਤਾ ਜਾ ਰਿਹਾ ਹੈ, ਉਹ ਬਿਲਕੁਲ ਵੀ ਸਹੀ ਨਹੀਂ। ਉਨ੍ਹਾਂ ਕਿਹਾ ਕਿ ਲੋਕਾਂ ਤੋਂ ਕਰਫਿਊ ਦੇ ਨਿਯਮਾਂ ਦਾ ਪਾਲਣ ਕਰਾਉਣ ਦੇ ਹੋਰ ਵੀ ਵਿਹਾਰਕ ਤੇ ਕਾਨੂੰਨੀ ਸਾਧਨ ਹਨ।

ਮੀਡੀਆ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ। ਸਰਕਾਰ ਨੂੰ ਲੋਕਾਂ ਪ੍ਰਤੀ ਆਪਣਾ ਇਹ ਰਵਈਆ ਬਦਲਣਾ ਹੋਵੇਗਾ। ਜ਼ਰੂਰੀ ਸਮਾਨ ਲੋਕਾਂ ਦੇ ਘਰਾਂ ਤੱਕ ਨਹੀਂ ਪਹੁੰਚਾਇਆ ਜਾ ਰਿਹਾ। ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਸੁਵਿਧਾਵਾਂ ਮਿਲਣ ਇਹ ਯਕੀਨੀ ਬਣਾਇਆ ਜਾਵੇ।