ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਮੈਰਾਥਨ ਮੀਟਿੰਗ ਕੀਤੀ। ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਸੰਬੰਧੀ ਇਕੱਲੇ ਇਕੱਲੇ ਮੈਂਬਰ ਨਾਲ ਵੱਖਰੇ ਤੌਰ 'ਤੇ ਗੱਲਬਾਤ ਕੀਤੀ ਤੇ ਉਨਾਂ ਦੇ ਚੋਣ ਸੰਬੰਧੀ ਵਿਚਾਰ ਜਾਣੇ। ਪੰਜ ਘੰਟੇ ਮੀਟਿੰਗ ਕਰਨ ਤੋਂ ਬਾਅਦ ਮੀਡੀਆ ਨਾਲ ਗੱਲ ਕੀਤੇ ਬਗੈਰ ਹੀ ਸੁਖਬੀਰ ਬਾਦਲ ਵਾਪਿਸ ਪਰਤ ਗਏ।
ਹਰ ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਅਕਾਲੀ ਦਲ ਦਾ ਪ੍ਰਧਾਨ ਸਮੂਹ ਮੈਂਬਰਾਂ ਨਾਲ ਵਿਚਾਰ ਚਰਚਾ ਕਰਦੇ ਹਨ। ਇਸੇ ਤਹਿਤ ਹੀ ਅੱਜ ਇਹ ਮੀਟਿੰਗ ਕੀਤੀ ਗਈ। ਭਲਕੇ ਸੁਖਬੀਰ ਬਾਦਲ ਅੰਮ੍ਰਿਤਸਰ 'ਚ ਅੇੈਸਜੀਪੀਸੀ ਦਫਤਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ 'ਚ ਸਾਰੇ ਮੈਂਬਰਾਂ ਨਾਲ ਦੁਬਾਰਾ ਮੀਟਿੰਗ ਕਰਨਗੇ।
ਮੀਟਿੰਗ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਮੀਟਿੰਗ 'ਚ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਸਾਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਰਾਏ ਜਾਣੀ ਹੈ ਅਤੇ ਹਰ ਸਾਲ ਨਵੀਂ ਟੀਮ ਚੁਣਨ ਤੋਂ ਪਹਿਲਾਂ ਪਾਰਟੀ ਪ੍ਰਧਾਨ ਲੋਕਤੰਤਰੀ ਪ੍ਰਕ੍ਰਿਆ ਤਹਿਤ ਮੈਂਬਰਾਂ ਨਾਲ ਗੱਲਬਾਤ ਕਰਦੇ ਹਨ ਤੇ ਇਸ ਤੋਂ ਬਾਅਦ ਸਾਰੇ ਅਖਤਿਆਰ ਪਾਰਟੀ ਪ੍ਰਧਾਨ ਨੂੰ ਦੇ ਦਿੱਤੇ ਜਾਣਗੇ। ਪਾਰਟੀ ਪ੍ਰਧਾਨ ਸਾਰਿਆਂ ਦੀ ਸਲਾਹ ਨਾਲ ਜਿਸ 'ਤੇ ਸਹਿਮਤੀ ਬਣੇਗੀ, ਉਸ ਨੂੰ ਪ੍ਰਧਾਨਗੀ ਦੀ ਸੇਵਾ ਦੇਣਗੇ।